- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੁਰਾਤਨ ਭਾਰਤੀ ਮੈਡੀਕਲ ਪ੍ਰਣਾਲੀ ‘ਆਯੁਰਵੇਦ’ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ: ਡਾ. ਬਲਬੀਰ ਸਿੰਘ
- ਪੰਜਾਬ ਸਰਕਾਰ ਨੇ ਰਾਜ ਵਿੱਚ 158 ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਅੱਪਗ੍ਰੇਡ ਕੀਤਾ
ਚੰਡੀਗੜ੍ਹ, 18 ਦਸੰਬਰ : ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟੀਚੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਭਾਰਤ ਦੀ ਰਵਾਇਤੀ ਸਿਹਤ ਸੰਭਾਲ ਪ੍ਰਣਾਲੀ ‘ਆਯੁਰਵੇਦ’ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਜ਼ਿਕਰਯੋਗ ਹੈ ਕਿ ਆਯੁਰਵੇਦ ਦਾ ਮੁੱਖ ਮੰਤਵ ਬਿਮਾਰੀ ਦੀ ਰੋਕਥਾਮ ਅਤੇ ਸਿਹਤ ਦੀ ਸਾਂਭ-ਸੰਭਾਲ ’ਤੇ ਹੁੰਦਾ ਹੈ, ਜਦਕਿ, ਇਸ ਪ੍ਰਣਾਲੀ ਵਿੱਚ ਕੁਦਰਤੀ ਤੱਤਾਂ ਦੀ ਵਰਤੋਂ ਕਰਕੇ ਬਿਮਾਰੀ ਦਾ ਇਲਾਜ ਵੀ ਕੀਤਾ ਜਾਂਦਾ ਹੈ। ਡਾ. ਬਲਬੀਰ ਸਿੰਘ , ਜੋ ਕਿ ਆਯੁਰਵੇਦ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਵੀ ਡੂਮਰਾ ਨਾਲ Çੲੱਥੇ ਪਹੁੰਚੇ ਸਨ, ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਵਿਖੇ ਆਯੋਜਿਤ ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰ, ਪੰਜਾਬ ’ਤੇ 5 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸਿਹਤ ਮੰਤਰੀ ਨੇ ਸਾਰੇ ਪ੍ਰਤੀਭਾਗੀਆਂ ਨੂੰ ਰੋਲ ਮਾਡਲ ਬਣਨ ਅਤੇ ਇਸ ਚੰਗੀ ਪੁਰਾਤਨ ਭਾਰਤੀ ਇਲਾਜ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਵਿੱਚ ਰਾਜ ਦੀ ਮਦਦ ਕਰਨ ਦਾ ਸੱਦਾ ਦਿੱਤਾ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਵੈ-ਇੱਛਾ ਨਾਲ ਆਪਣੇ ਘਰਾਂ ਦੇ ਨੇੜੇ ਯੋਗਾ ਸੈਸ਼ਨ ਕਰਵਾਉਣ ਅਤੇ ਲੋਕਾਂ ਨੂੰ ਆਯੁਰਵੇਦ ਪ੍ਰਤੀ ਜਾਗਰੂਕ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 158 ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਹੈ ਅਤੇ ਇਨ੍ਹਾਂ ਸਾਰੇ ਕੇਂਦਰਾਂ ਵਿੱਚ ਹਰਬਲ ਗਾਰਡਨ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਹਲਕੀਆਂ-ਫੁਲਕੀਆਂ ਬਿਮਾਰੀਆਂ ਤੋਂ ਨਿਜਾਤ ਪਾਉਣ ਐਲੋਪੈਥੀ ਦਵਾਈਆਂ ’ਤੇ ਨਿਰਭਰ ਹੋਣ ਦੀ ਥਾਂ ਜੜੀ- ਬੂਟੀਆਂ ਵਾਲੀਆਂ ਕੁਦਰਤੀ ਦਵਾਈਆਂ ਇਸਤੇਮਾਲ ਕਰ ਠੀਕ ਹੋ ਸਕਣ। ਇਸ ਵਰਕਸ਼ਾਪ ਵਿੱਚ ਸੂਬੇ ਭਰ ਦੇ ਸਾਰੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ, ਆਯੁਰਵੈਦਿਕ ਮੈਡੀਕਲ ਅਫ਼ਸਰ, ਉਪਵੇਦ ਅਤੇ ਯੋਗਾ ਇੰਸਟਰਕਟਰਾਂ ਨੇ ਭਾਗ ਲਿਆ ।