- ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮੁਲਤਵੀ ਕਰਨ ‘ਤੇ ਆਪ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਸਿਆ ਤੰਜ
ਚੰਡੀਗੜ੍ਹ, 15 ਫਰਵਰੀ : ਪੰਜਾਬ ਦੇ ਲੋਕ ਹੁਣ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਪਰਖ ਤੇ ਸਮਝ ਚੁੱਕੇ ਹਨ I ਤਾਂ ਹੀ ਉਹ ਰੋਜ਼ਾਨਾ ਲੋਕਾਂ ਵਿੱਚ ਗੁਆਚੀ ਸ਼ਾਖ ਬਹਾਲ ਕਰਨ ਲਈ ਤਰਲੋਮੱਛੀ ਹੋ ਰਹੇ ਹਨ I ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ੰਸੀਪਲ ਬੁੱਧ ਰਾਮ ਐਮ.ਐਲ.ਏ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਚੋਣਵੇਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਾਂਝੇ ਕੀਤੇ। ਬੁੱਧ ਰਾਮ ਐਮ.ਐਲ.ਏ. ਨੇ ਦੱਸਿਆ ਕਿ ਆਮ ਲੋਕਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕੰਮਾਂ ਕਰਕੇ ਦਿਨੋ-ਦਿਨ ਹਰਮਨ ਪਿਆਰਤਾ ਵਧ ਰਹੀ ਹੈ। ਜਿਸ ਕਾਰਣ ਹੁਣ ਪੰਜਾਬ ਦੇ ਲੋਕਾਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਨਕਾਰ ਦਿੱਤਾ ਹੈ I ਇਸ ਕਰਕੇ ਹੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਨਾਮ ਹੇਠ ਲੋਕਾਂ ਕੋਲ ਜਾਣ ਦਾ ਪ੍ਰੋਗਰਾਮ ਉਲੀਕਣਾ ਪਿਆ ਪਰੰਤੂ ਲੋਕਾਂ ਨੇ ਇਹ ਸਾਰਾ ਕੁੱਛ ਵੇਖ ਸਮਝ ਕੇ ਇਸ ਨੂੰ ਪਰਿਵਾਰ ਬਚਾਉ ਯਾਤਰਾ ਦਾ ਨਾਮ ਦੇ ਦਿੱਤਾ ਹੈ।ਕਿਉਂਕਿ ਹੁਣ ਇਹਨਾਂ ਕੋਲ ਪੰਜਾਬ ਦੇ ਲੋਕਾਂ ਵਿੱਚ ਜਾਣ ਦਾ ਕੋਈ ਮੁੱਦਾ ਹੀ ਨਹੀਂ ਰਹਿ ਗਿਆ I ਆਪਣੀ ਮਾੜੀ ਮੋਟੀ ਬਚੀ ਸ਼ਾਖ ਨੂੰ ਭਾਜਪਾ ਦੇ ਹਵਾਲੇ ਕਰਨ ਲਈ ਉਨ੍ਹਾਂ ਦੀ ਲੀਡਰਸ਼ਿਪ ਦੇ ਤਰਲੇ ਕੱਢ ਰਹੇ ਹਨ ਕਿ ਸਮਝੌਤਾ ਹੋ ਜਾਵੇ ਜਿਵੇਂ ਮਰਜ਼ੀ ਹੋ ਜਾਵੇ। ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੇ ਇਹਨਾਂ ਦੀ ਤਿਕੜਮਬਾਜ਼ੀ ਸਮਝਦਿਆਂ ਹੋਇਆਂ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸੁਖਬੀਰ ਬਾਦਲ ਡਰਾਮੇਬਾਜ਼ੀ ਕਰ ਰਿਹੈ ਕਿ ਯਾਤਰਾ ਕਿਸਾਨ ਅੰਦੋਲਨ ਕਰ ਕੇ ਮੁਲਤਵੀ ਕੀਤੀ ਹੈ, ਉਸ ਨੂੰ ਪਤਾ ਲੱਗ ਗਿਆ ਕਿ ਲੋਕ ਮੂੰਹ ਨਹੀਂ ਲਾ ਰਹੇ ਤਾਂ ਉਸ ਨੇ ਕਿਸਾਨ ਅੰਦੋਲਨ ਦੇ ਬਹਾਨੇ ਯਾਤਰਾ ਮੁਲਤਵੀ ਕਰ ਦਿੱਤੀ ਹੈ ਤਾਂ ਜੋ ਭਾਜਪਾ ਨਾਲ ਸਾਂਝ ਪਾ ਲਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਔਲਖ, ਗੁਰਦਰਸ਼ਨ ਸਿੰਘ ਪਟਵਾਰੀ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸਤੀਸ਼ ਸਿੰਗਲਾ, ਮਾਰਕੀਟ ਕਮੇਟੀ ਬੁਢਲਾਡਾ, ਲਲਿਤ ਸੈਂਟੀ ਜ਼ਿਲ੍ਹਾ ਜਨਰਲ ਸਕੱਤਰ ਟਰੇਡ ਵਿੰਗ ਆਦਿ ਹਾਜ਼ਰ ਸਨ।