ਚੰਡੀਗੜ੍ਹ, 22 ਨਵੰਬਰ : ਮੌਸਮ ਵਿਭਾਗ ਨੇ ਅਲਰਟ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 26 ਤੋਂ 27 ਨਵੰਬਰ ਦਰਮਿਆਨ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਜੇਕਰ ਹਿਮਾਚਲ 'ਚ ਬਰਫ਼ਬਾਰੀ ਹੁੰਦੀ ਹੈ ਤਾਂ ਪੰਜਾਬ ਵਿਚ ਠੰਢ ਵਧ ਸਕਦੀ ਹੈ। ਹਾਲ ਹੀ 'ਚ ਪੱਛਮੀ ਗੜਬੜੀ ਕਾਰਨ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ 'ਚ ਵੀ ਬਾਰਿਸ਼ ਹੋਈ। ਪਰ ਹੁਣ ਇੱਕ ਵਾਰ ਫਿਰ ਕਮਜ਼ੋਰ ਪੱਛਮੀ ਗੜਬੜੀ ਦੇ 23 ਨਵੰਬਰ ਤੋਂ ਸਰਗਰਮ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿੱਚ ਦੱਸਿਆ ਹੈ ਕਿ 25 ਨਵੰਬਰ ਤੱਕ ਸੂਬੇ ਵਿੱਚ ਮੌਸਮ ਸਾਫ਼ ਅਤੇ ਆਸਮਾਨ ਸਾਫ਼ ਰਹੇਗਾ। ਸਾਫ਼ ਮੌਸਮ ਅਤੇ ਧੁੱਪ ਦੇ ਬਾਵਜੂਦ ਸੂਬੇ ਦੇ ਕਈ ਇਲਾਕਿਆਂ 'ਚ ਤਾਪਮਾਨ ਹੇਠਾਂ ਵੱਲ ਨੂੰ ਡਿੱਗਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਮੌਸਮ ਵਿਭਾਗ ਨੇ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 8.8 ਡਿਗਰੀ, ਕਲਪਾ ਦਾ 1.4 ਡਿਗਰੀ, ਧਰਮਸ਼ਾਲਾ ਦਾ 9.4 ਡਿਗਰੀ, ਕੇਲੌਂਗ ਦਾ -2.5 ਡਿਗਰੀ ਦਰਜ ਕੀਤਾ ਹੈ। ਦੂਜੇ ਪਾਸੇ ਊਨਾ ਵਿੱਚ ਤਾਪਮਾਨ 8.0 ਡਿਗਰੀ ਦਰਜ ਕੀਤਾ ਗਿਆ। ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਧਦੀ ਠੰਢ ਕਾਰਨ ਮਨਾਲੀ-ਲੇਹ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਲੇਹ ਮਨਾਲੀ ਹਾਈਵੇ 6 ਮਹੀਨਿਆਂ ਬਾਅਦ ਮਈ-ਜੂਨ ਮਹੀਨੇ ਵਿੱਚ ਖੁੱਲ੍ਹੇਗਾ।