ਚੰਡੀਗੜ੍ਹ, 1 ਜੂਨ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਪੰਜਾਬ ਯੂਨੀਵਰਸਿਟੀ ਮਾਮਲੇ ’ਤੇ ਮੀਟਿੰਗ ਵਿਚ ਸੁਝਾਅ ਦਿੱਤਾ ਹੈ ਕਿ ਪੰਜਾਬ ਯੂਨੀਵਰਸਿਟੀ ਲਈ ਗਰਾਂਟ ਪੰਜਾਬ ਅਤੇ ਹਰਿਆਣਾ ਦੋਵੇਂ 20-20 ਫੀਸਦੀ ਦੇਣ ਅਤੇ 60 ਫੀਸਦੀ ਗ੍ਰਾਂਟ ਯੂ ਟੀ ਦਿੰਦਾ ਹੈ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਹਰਿਆਣਾ ਨੇ ਮੰਗ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਉਸਦੇ ਕਾਲਜਾਂ ਨੂੰ ਵੀ ਮਾਨਤਾ ਦੇਵੇ। ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਸਮਾਂ ਮੰਗਿਆ ਹੈ ਤੇ 5 ਜੂਨ ਨੂੰ ਫਿਰ ਤੋਂ ਮੀਟਿੰਗ ਹੋਵੇਗੀ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਰਾਜਪਾਲ ਨੇ ਕਿਹਾ ਕਿ ਮੈਂ ਰਾਜ ਭਵਨ ਵਿਚ ਬੈਠਣ ਵਾਲਾ ਰਾਜਪਾਲ ਨਹੀਂ ਹਾਂ ਅਤੇ ਮੈਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਫਿਰ ਤੋਂ ਦੌਰਾ ਕਰਾਂਗਾ ਅਤੇ ਆਖਰੀ ਪਿੰਡ ਤੱਕ ਜਾਵਾਂਗਾ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਵਿਚ ਸੁਧਾਰ ਦੀਆਂ ਖਬਰਾਂ ਆਪ ਮੀਡੀਆ ਨਸ਼ਰ ਕਰਦਾ ਹੈ ਜੋ ਦੱਸਦਾ ਹੈ ਕਿ ਅੱਜ ਕਿਥੇ ਨਸ਼ੀਲੇ ਪਦਾਰਥ ਫੜੇ ਗਏ ਤੇ ਕਿਥੇ ਅਪਰਾਧੀ ਫੜੇ ਗਏ। ਉਹਨਾਂ ਇਹ ਵੀ ਕਿਹਾ ਕਿ ਜਦੋਂ ਉਹ ਹੱਸ ਕੇ ਮੀਡੀਆ ਨਾਲ ਗੱਲ ਕਰ ਰਹੇ ਹਨ ਤਾਂ ਇਸਦਾ ਮਤਲਬ ਹੈ ਕਿ ਹਾਲਾਤ ਚੰਗੇ ਹਨ।