- 1 ਜੂਨ ਦੀ ਆਲ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ ਬਸਪਾ : ਜਸਵੀਰ ਗੜ੍ਹੀ
ਚੰਡੀਗੜ੍ਹ, 30 ਮਈ : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮੀਡੀਆ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਰਕਾਰ ਦੀ ਸਖਤ ਨਿਖੇਧੀ ਕੀਤੀ। ਜਾਰੀ ਬਿਆਨ ਵਿੱਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਗਰੇਜਾਂ ਦੀ ਗੋਰੀ ਸਰਕਾਰ ਦੇ ਦਿਨ ਚੇਤੇ ਕਰਵਾ ਦਿੱਤੇ ਹਨ ਜੋ ਸਰਕਾਰ ਦੀ ਨੁਕਤਾਚੀਨੀ ਕਰਨ ਉਤੇ ਦੇਸੀ ਤੇ ਅੰਗਰੇਜ਼ੀ ਅਖਬਾਰਾਂ ਨੂੰ ਹੀ ਬੰਦ ਕਰ ਦਿੰਦੇ ਸਨ। ਸ ਗੜ੍ਹੀ ਨੇ ਇਤਿਹਾਸਿਕ ਜਾਣਕਾਰੀ ਦਿੰਦਿਆ ਕਿਹਾ ਕਿ 240 ਸਾਲ ਪਹਿਲਾਂ 1782 ਵਿੱਚ ਈਸ਼ਟ ਇੰਡੀਆ ਕੰਪਨੀ ਦੀ ਨੁਕਤਾਚੀਨੀ ਕਰਨ ਉਤੇ ਅੰਗਰੇਜ਼ ਸਰਕਾਰ ਨੇ “ਹਿੱਕੀ ਬੰਗਾਲ ਗਜ਼ਟ” ਅਖ਼ਬਾਰ ਨੂੰ ਬੰਦ ਕਰ ਦਿੱਤਾ ਸੀ। ਹੁਣ 240 ਸਾਲ ਬਾਅਦ ਗੋਰੀ ਸਰਕਾਰ ਦਾ ਭੂਤ ਭਗਵੰਤ ਮਾਨ ’ਚ ਪ੍ਰਵੇਸ਼ ਕਰ ਗਿਆ ਹੈ। ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਸਮੇਂ ਗੋਰੀ ਸਰਕਾਰ ਨੇ 35 ਦੇਸ਼ੀ ਅਖਬਾਰਾਂ ਦੇ ਮਾਲਕਾਂ ਨੂੰ ਸੰਮਨ ਕੀਤਾ ਸੀ ਜਿਸ ਵਿੱਚ “ਅਮ੍ਰਿਤਾ ਬਾਜ਼ਾਰ ਪੱਤਿਰਕਾ” ਦਾ ਸੰਪਾਦਕ ਸ਼ਿਸ਼ਰ ਕੁਮਾਰ ਘੋਸ ਵੀ ਸ਼ਾਮਲ ਸੀ। ਇਸ ਗੋਰੀ ਸਰਕਾਰ ਦਾ ਕਾਲਾ ਭੂਤ ਪ੍ਰਵੇਸ਼ ਹੋਣ ਕਾਰਨ ਹੀ ਭਗਵੰਤ ਮਾਨ ਸਰਕਾਰ ਵੱਡੇ ਪੱਧਰ ਉਤੇ ਮੀਡੀਆ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਵਿੱਚ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਜੀ ਨੂੰ ਵਿਜੀਲੈਂਸ ਰਾਹੀਂ ਅਤੇ ਇਸ਼ਤਿਆਰ ਦੇਣ ਚ ਵਿਤਕਰੇਬਾਜ਼ੀ ਕਰਕੇ ਪਰੇਸ਼ਾਨ ਕਰ ਰਹੇ ਹਨ ਜਦੋਂਕਿ ਹਮਦਰਦ ਪਰਿਵਾਰ ਪਿਛਲੇ ਤਿੰਨ ਪੀੜ੍ਹੀਆਂ ਤੋਂ ਦੇਸ਼ ਵਿਦੇਸ਼ ਵਿਚ ਵਸਦੇ 6 ਕਰੋੜ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ। ਬਸਪਾ ਸੂਬਾ ਪ੍ਰਧਾਨ ਸ ਗੜ੍ਹੀ ਨੇ ਜਾਣਕਾਰੀ ਦਿੱਤੀ ਕਿ ਅਜਿਹੇ ਧੱਕੇਸ਼ਾਹੀ ਵਾਲੇ ਹਾਲਾਤਾਂ ਖਿਲਾਫ ਬਹੁਜਨ ਸਮਾਜ ਪਾਰਟੀ 1 ਜੂਨ ਨੂੰ ਹਮਦਰਦ ਭਵਨ ਵਿੱਚ ਹੋਣ ਵਾਲੀ ਸਰਬ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ ਅਤੇ ਸਰਕਾਰ ਖ਼ਿਲਾਫ਼ ਸਮਾਂ ਆਉਣ ਤੇ ਸੜਕ ਤੇ ਆਉਣ ਤੋਂ ਵੀ ਗੁਰੇਜ਼ ਨਹੀਂ ਕਰੇਗੀ।