ਚੰਡੀਗੜ੍ਹ, 21 ਜਨਵਰੀ : ਜੱਗੂ ਭਗਵਾਨਪੁਰੀਆ ਨੂੰ ਕਪੂਰਥਲਾ ਜੇਲ੍ਹ ਤੋਂ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਜੱਗੂ ਦੇ ਵਕੀਲ ਵੱਲੋਂ ਡੀਜੀਪੀ ਤੇ ਜੇਲ੍ਹ ਪ੍ਰਸ਼ਾਸਨ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਜੱਗੂ ਤੋਂ ਇਲਾਵਾ ਲਾਰੈਂਸ ਅਤੇ ਉਸ ਦੇ ਕਈ ਸਾਥੀ ਇਸ ਜੇਲ੍ਹ ਵਿੱਚ ਬੰਦ ਹਨ। ਦੱਸਣਯੋਗ ਹੈ ਕਿ 5 ਮਹੀਨੇ ਪਹਿਲਾਂ ਵੀ ਜੱਗੂ ਨੂੰ ਬਠਿੰਡਾ ਹਾਈਟੈਕ ਜੇਲ੍ਹ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਦੋਂ ਵੀ ਜੱਗੂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਵਿੱਚ ਜੱਗੂ ਨੇ ਆਪਣੀ ਜਾਨ ਨੂੰ ਖਤਰੇ ਬਾਰੇ ਦੱਸਿਆ ਸੀ। ਦੋਸ਼ ਸਨ ਕਿ ਜੇਕਰ ਉਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਤਾਂ ਲਾਰੈਂਸ ਜਾਂ ਉਸ ਦੇ ਸਾਥੀ ਉਸ ਦੀ ਹੱਤਿਆ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਲ ‘ਚ ਸ਼ਿਫਟ ਹੋਣ ਸਮੇਂ ਉਸ ‘ਤੇ ਹਮਲਾ ਵੀ ਹੋ ਸਕਦਾ ਹੈ। ਕਰੀਬ 5 ਮਹੀਨੇ ਪਹਿਲਾਂ ਜੱਗੂ ਵੱਲੋਂ ਹਾਈਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਸ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਨਾ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਗਰੋਂ ਅਦਾਲਤ ਨੇ ਸੁਣਵਾਈ ਕਰਦਿਆਂ ਅਕਤੂਬਰ ਮਹੀਨੇ ਵਿੱਚ ਅਰਜ਼ੀ ਦਾ ਨਿਪਟਾਰਾ ਕਰਦਿਆਂ ਹੁਕਮ ਦਿੱਤਾ ਕਿ ਉਸ ਨੂੰ ਬਠਿੰਡਾ ਦੀ ਥਾਂ ਕਿਸੇ ਹੋਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਹੁਣ ਜੱਗੂ ਨੂੰ ਮੁੜ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮਾਂ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਡੀਜੀਪੀ ਪੰਜਾਬ ਨੂੰ ਨੋਟਿਸ ਭੇਜਿਆ ਗਿਆ ਹੈ।