- ਪੰਜਾਬ ਸਰਕਾਰ ਵੱਲੋਂ ਵੀ ਕੇਂਦਰੀ ਫੈਸਲੇ ਦਾ ਵਿਰੋਧ,ਵੈਲੀਊ ਕੱਟ ਦੀ ਰਕਮ ਖੁਦ ਦੇਣ ਦੀ ਹਾਮੀ ਭਰੀ
ਚੰਡੀਗੜ੍ਹ, 12 ਅਪ੍ਰੈਲ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਭਾਕਿਯੂ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਕਣਕ ਦੀ ਫ਼ਸਲ ‘ਤੇ ਕੱਟ ਲਗਾਉਣਾ ਕੇਂਦਰ ਸਰਕਾਰ ਦਾ ਕਿਸਾਨਾਂ ਖ਼ਿਲਾਫ਼ ਤੁਗਲਕੀ ਫ਼ਰਮਾਨ ਹੈ। ਜੇਕਰ ਕਣਕ ਦਾ ਦਾਣਾ ਕਾਲਾ ਜਾਂ ਛੋਟਾ ਹੋਇਆ ਤਾਂ ਕਿਸਾਨ ਤੋਂ 31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਕਿਸਾਨ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਅੱਜ 12 ਅਪ੍ਰੈਲ ਤੱਕ ਇਹ ਹੁਕਮ ਵਾਪਸ ਲਵੇ ਨਹੀਂ ਤਾਂ 13 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ਜਾਮ ਕੀਤੀਆਂ ਜਾਣਗੀਆਂ।ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਘੱਟ ਚਮਕ ਵਾਲੀ ਅਤੇ ਟੁੱਟੀ ਹੋਈ ਕਣਕ ਦੀ ਖਰੀਦ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ 18% ਤੱਕ ਸੁੰਗੜੀ ਅਤੇ ਟੁੱਟੀ ਕਣਕ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੁੱਲ 7 ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਸੁੰਗੜੀ-ਟੁੱਟੀ ਕਣਕ 'ਤੇ ਕਿਸਾਨ ਤੋਂ 6% ਤੱਕ ਕੋਈ ਰਕਮ ਨਹੀਂ ਕੱਟੀ ਜਾਵੇਗੀ।ਇਸ ਤੋਂ ਬਾਅਦ 18 ਫੀਸਦੀ ਤੱਕ ਸੁੰਗੜੇ-ਟੁੱਟੇ ਦਾਣੇ ‘ਤੇ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਤੱਕ ਕਟੌਤੀ ਹੋਵੇਗੀ। ਇਸ ਦੇ ਨਾਲ ਹੀ 80 ਫੀਸਦੀ ਤੱਕ ਚਮਕ ਦੇ ਘਾਟੇ ਵਾਲੀ ਕਣਕ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।ਕੇਂਦਰ ਦੇ ਇਸ ਫੈਸਲੇ ‘ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਦੇਰ ਸ਼ਾਮ ਪੰਜਾਬ ਸਰਕਾਰ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਨੇ ਕੇਂਦਰ ਤੋਂ ਕਣਕ 'ਤੇ ਕੋਈ ਕਟੌਤੀ ਨਾ ਕਰਨ ਦੀ ਮੰਗ ਵੀ ਕੀਤੀ ਸੀ, ਸਰਕਾਰ ਵੀ ਇਸ ਐਲਾਨ ਤੋਂ ਹੈਰਾਨ ਹੈ। ਉਹ ਇਹ ਮਾਮਲਾ ਕੇਂਦਰ ਕੋਲ ਉਠਾਉਣਗੇ।ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਕੋਈ ਫੈਸਲਾ ਨਹੀਂ ਲੈਂਦਾ, ਉਦੋਂ ਤੱਕ ਵੈਲੀਊ ਕੱਟ ਦੀ ਰਕਮ ਰਾਜ ਸਰਕਾਰ ਖੁਦ ਸਹਿਣ ਕਰੇਗੀ।