- ਕਰਨਾਟਕਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਾਲੇ ਵਫ਼ਦ ਵੱਲੋਂ ਸੰਧਵਾਂ ਨਾਲ ਮੁਲਾਕਾਤ
- ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਲਈ
ਚੰਡੀਗੜ, 22 ਨਵੰਬਰ : ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਲਾਗੂ ਕੀਤੇ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਪ੍ਰਾਜੈਕਟ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਦੌਰੇ ‘ਤੇ ਆਏ ਕਰਨਾਟਕਾ ਵਿਧਾਨ ਸਭਾ ਸਪੀਕਰ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਕਰਨਾਟਕਾ ਵਿਧਾਨ ਸਭਾ ਸਪੀਕਰ ਸ੍ਰੀ ਯੂ.ਟੀ. ਖਾਦੇਰ ਫ਼ਰੀਦ, ਸਕੱਤਰ ਕਰਨਾਟਕਾ ਵਿਧਾਨ ਪ੍ਰੀਸ਼ਦ ਸ੍ਰੀਮਤੀ ਕੇ.ਆਰ. ਮਹਾਂਲਕਸ਼ਮੀ, ਸਕੱਤਰ ਕਰਨਾਟਕਾ ਵਿਧਾਨ ਸਭਾ ਸ੍ਰੀਮਤੀ ਐਮ.ਕੇ. ਵਿਸ਼ਾਲਕਸ਼ੀ ਤੋਂ ਇਲਾਵਾ ਕਰਨਾਟਕਾ ਸਪੀਕਰ ਦੇ ਨਿੱਜੀ ਸਕੱਤਰ ਸ੍ਰੀ ਮਹੇਸ਼ ਕਾਰਜਗੀ, ਸਲਾਹਕਾਰ ਸ੍ਰੀ ਓਮ ਪ੍ਰਕਾਸ਼ਾ, ਕਰਨਾਟਕਾ ਵਿਧਾਨ ਪ੍ਰੀਸ਼ਦ ਦੀ ਵਧੀਕ ਸਕੱਤਰ ਸ੍ਰੀਮਤੀ ਐਸ. ਨਿਰਮਲਾ, ਡਾਇਰੈਕਟਰ (ਆਈ.ਟੀ.) ਸ੍ਰੀ ਜੇ. ਈ. ਸ਼ਸ਼ੀਧਰ, ਓ.ਐਸ.ਡੀ. ਟੂ ਚੇਅਰਮੈਨ ਵਿਧਾਨ ਪ੍ਰੀਸ਼ਦ ਸ੍ਰੀਮਤੀ ਕੇ.ਡੀ. ਸ਼ੀਲਾ ਅਤੇ ਚੀਫ਼ ਐਡੀਟਰ ਆਫ਼ ਡੀਬੇਟਸ ਸ੍ਰੀ ਐਮ. ਸ਼ਸ਼ੀਕਾਂਤ ਸ਼ਾਮਲ ਹਨ। ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਮੁੱਚੇ ਕੰਮ ਕਾਜ ਨੂੰ ਕਾਗਜ਼ ਰਹਿਤ ਕਰ ਦਿੱਤਾ ਗਿਆ ਹੈ ਅਤੇ ਵਿਧਾਨ ਸਭਾ ਸੈਸ਼ਨਾਂ ਦਾ ਸਮੁੱਚਾ ਕੰਮ ਕਾਜ ਪੂਰਨ ਤੌਰ ‘ਤੇ ਡਿਜ਼ੀਟਲ ਅਤੇ ਪੇਪਰਲੈੱਸ ਤਰੀਕੇ ਨਾਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ) ਕਾਨਫਰੰਸ-ਕਮ-ਵਰਕਸ਼ਾਪ ਕਰਵਾ ਕੇ ਸਮੂਹ ਵਿਧਾਇਕਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਨਵੀਂ ਪ੍ਰਣਾਲੀ ਤਹਿਤ ਕੰਮ ਕਾਜ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਕੰਮਕਾਜ ਨੂੰ ਹਾਈ-ਟੈਕ ਬਣਾਉਣ ਅਤੇ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਡਿਜੀਟਲ ਵਿੰਗ ਸਥਾਪਤ ਕੀਤਾ ਗਿਆ ਹੈ। ਡਿਜੀਟਲ ਵਿੰਗ ਵਿੱਚ ਆਈ.ਟੀ. ਸੈੱਲ, ਐਨ.ਆਈ.ਸੀ. ਸੈੱਲ, ਹਾਈ ਟੈੱਕ ਟਰੇਨਿੰਗ ਰੂਮ (ਨੇਵਾ ਸੇਵਾ ਕੇਂਦਰ), ਹਾਈਟੈੱਕ ਕੰਟਰੋਲ ਰੂਮ, ਨੈੱਟਵਰਕ ਕੰਟਰੋਲ ਰੂਮ ਸ਼ਾਮਲ ਹਨ।