- ਪਾਰਟੀ ਦੀ ਤਰਜੀਹ ਸ਼੍ਰੋਮਣੀ ਕਮੇਟੀ ਚੋਣਾਂ: ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ
ਚੰਡੀਗੜ੍ਹ, 13 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਜਲੰਧਰ ਲੋਕਸਭਾ ਜਿਮਨੀ ਚੋਣ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰੇਗਾ। ਇਹ ਐਲਾਨ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੁੱਖ ਤਰਜੀਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹਨ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਤੋਂ ਜਲਦ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਹੋਇਆਂ ਨੂੰ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਆਮ ਚੋਣਾਂ ਲਈ ਹੁਣ ਕੋਈ ਰੇੜਕਾ ਵੀ ਨਹੀਂ ਬਚਿਆ ਹੈ, ਲਿਹਾਜਾ ਇਹ ਚੋਣਾਂ ਜਲਦ ਤੋਂ ਜਲਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸ਼੍ਰੋਮਣੀ ਕਮੇਟੀ ਤੋਂ ਇੱਕ ਪਰਿਵਾਰ ਦੀ ਅਜਾਰੇਦਾਰੀ ਖਤਮ ਕੀਤੀ ਜਾ ਸਕੇ। ਸ. ਢੀਂਡਸਾ ਨੇ ਕਿਹਾ ਕਿ ਜਲੰਧਰ ਜਿਮਨੀ ਚੋਣ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦੁਆਬਾ ਖੇਤਰ ਦੇ ਪ੍ਰਮੁੱਖ ਆਗੂਆਂ ਦੀ ਜਲੰਧਰ ਵਿਖੇ ਪਿਛਲੇ ਦਿਨੀ ਇੱਕ ਵਿਸ਼ੇਸ਼ ਮੀਟਿੰਗ ਹੋਈ ਸੀ। ਜਿਸ ਵਿੱਚ ਸਮੂਹ ਆਗੂਆਂ ਨੇ ਜਲੰਧਰ ਜ਼ਿਮਨੀ ਚੋਣਾਂ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਮੈਨੂੰ ਅਤੇ ਬੀਬੀ ਜਗੀਰ ਕੌਰ ਨੂੰ ਦੇ ਦਿੱਤਾ ਸੀ। ਜਿਸ ਦੇ ਬਾਅਦ ਅੱਜ ਉਨ੍ਹਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਬੀਬੀ ਜਗੀਰ ਕੌਰ ਨਾਲ ਇਸ ਮੁੱਦੇ ਤੇ ਵਿਸਥਾਰਪੂਰਵਕ ਚਰਚਾ ਹੋਈ। ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਪਾਰਟੀ ਜਲੰਧਰ ਜ਼ਿਮਨੀ ਚੌਣ ਵਿਚ ਆਪਣਾ ਉਮੀਦਵਾਰ ਨਹੀ ਉਤਾਰੇਗਾ। ਮੀਟਿੰਗ ਦੌਰਾਨ ਦੋਵੇਂ ਸੀਨੀਅਰ ਆਗੂਆਂ ਨੇ ਇਹ ਮਹਿਸੂਸ ਕੀਤਾ ਕਿ ਇਸ ਵੇਲੇ ਰਾਜਸੀ ਹਾਲਾਤ ਤੋਂ ਵਧੇਰੇ ਜਰੂਰੀ ਪੰਥਕ ਮਸਲੇ ਹੱਲ ਕਰਨ ਦੀ ਵਧੇਰੇ ਲੋੜ ਹੈ, ਲਿਹਾਜਾ ਜਲੰਧਰ ਜਿਮਨੀ ਚੋਣ ਦੀ ਥਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ ਜਲੰਧਰ ਜ਼ਿਮਨੀ ਚੋਣ ਵਿਚ ਕਿਸ ਪਾਰਟੀ ਦੀ ਹਮਾਇਤ ਕੀਤੀ ਜਾਣੀ ਹੈ, ਇਸ ਦਾ ਫੈਸਲਾ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਜਲਦ ਕੀਤਾ ਜਾਵੇਗਾ।