- ਪੰਜਾਬ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਤੇ ਕੀਤੇ ਸਾਰੇ ਵਾਅਦੇ ਤਰੰਤ ਪੂਰੇ ਕਰੇ : ਤਰੁਣ ਚੁੱਘ
ਚੰਡੀਗੜ੍ਹ, 24 ਨਵੰਬਰ : ਪੰਜਾਬੀਆ ਦੇ ਜਜਬਾਤਾ ਨਾਲ ਖੇਡ ਕੇ,ਪੰਜਾਬ ਦੇ ਸੰਵੇਦਨਸੀਲ ਮੁੱਦਿਆਂ ਤੇ ਰਾਜਨੀਤੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਪੰਜਾਬੀ ਦਾ ਮੋਹ ਭੰਗ ਹੋ ਚੁੱਕਾ ਹੈ ,ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ।ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਦੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੀਤਾ ।ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਹਾਲਤ ਇੰਨੀ ਮਾੜੀ ਹੈ ਕਿ ਛੋਟੇ ਛੋਟੇ ਪ੍ਰਾਜੈਕਟਾਂ ਦੇ ਉਦਘਾਟਨ ਦੋ ਦੋ ਮੁੱਖ ਮੰਤਰੀ ਕਰ ਰਹੇ ਹਨ ।ਉਹਨਾਂ ਕਿਹਾ ਕਿ ਆਉਣ ਵਾਲੀਆਂ ਸਥਾਨਿਕ ਤੇ ਲੋਕ ਸਭਾ ਚੋਣਾਂ ਲਈ ਜਮੀਨ ਤਿਆਰ ਕਰਨ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਗੁੰਮਰਾਹਕੁੰਨ ਪ੍ਰਚਾਰ ਅਤੇ ਸ਼ੋਸ਼ੇਬਾਜੀ ਦਾ ਸਹਾਰਾ ਲੈਣਾ ਪੈ ਰਿਹਾ ਹੈ ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਪ੍ਰਾਜੈਕਟਾਂ ਦੇ ਸਹਾਰੇ ਵਾਹ ਵਾਹ ਖੱਟਣ ਦਾ ਯਤਨ ਕੀਤਾ ਜਾ ਰਿਹਾ ਹੈ ,ਪਰ ਪੰਜਾਬ ਦੀ ਜਨਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਜਾਣ ਚੁੱਕੀ ਹੈ ,ਆਪ ਆਗੂਆਂ ਦੀ ਮੌਕਾ ਪ੍ਰਸਤ ਰਾਜਨੀਤੀ ਤੋਂ ਜਾਣੂ ਹੋ ਚੁੱਕੀ ਹੈ ਤੇ ਇਸ ਸਰਕਾਰ ਸਬਕ ਸਿਖਾਉਣ ਲਈ ਉਤਾਵਲੀ ਹੈ ।ਚੁੱਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਬਿਆਨ ਕੇਦਰ ਸਰਕਾਰ ਪਰ ਘੱਟੋ ਘੱਟ ਸਮਰਥਨ ਮੁੱਲ ਦੇਣ ਤੇ ਦਿੱਤਾ ਹੈ ,ਉਹ ਸਚਾਈ ਤੋ ਕੋਹਾਂ ਦੂਰ ਹੈ ।ਸੱਚ ਇਹ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋ ਕਿਸਾਨਾਂ ਦੇ ਹਿੱਤਾ ਲਈ ਸਮੇਂ ਸਮੇਂ ਤੇ ਘੱਟੇ ਘੱਟ ਸਮਰਥਨ ਮੁੱਲ ਵਿੱਚ ਵੱਡਾ ਵਾਧਾ ਲਗਾਤਾਰ ਕੀਤਾ ਜਾ ਰਿਹਾ ਹੈ ।ਸਾਲ 2024-25 ਲਈ ਹਾੜੀ ਦੀਆ ਫਸਲਾਂ ਦੀਆਂ ਕੀਮਤਾਂ ਵੀ ਵਧਾਈਆਂ ਗਈਆ ਹਨ ।ਸਭ ਤੋਂ ਜ਼ਿਆਦਾ ਵਾਧਾ ਦਾਲ ਮਸੂਰ ਦੀ ਫਸਲਾ ਦੀ ਕੀਮਤ ਵਿੱਚ 425 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਗੰਨਾ ਕਿਸਾਨ ਮਿੱਲਾਂ ਨਾ ਚੱਲਣ ਤੇ ਪੰਜਾਬ ਵਿੱਚ ਗੰਨੇ ਦਾ ਲਾਭਕਾਰੀ ਭਾਅ ਨਾ ਮਿਲਣ ਕਾਰਨ ਪਰੇਸਾਨ ਤੇ ਦੁਖੀ ਹਨ ,ਉਹ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੇ ਕੀਤੇ ਵਾਅਦੇ ਤੇ ਖਰਾ ਨਾ ਉਤਰਨ ਤੋਂ ਖਫਾ ਹਨ ਤੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ।ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਵੋਟ ਬੈਂਕ ਵਜੋਂ ਵਰਤੋਂ ਕੀਤੀ ।ਉਹਨਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ ,ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦੇ ਪੂਰੇ ਕਰੇ ।ਗੁਲਾਬੀ ਸੁੰਡੀ ,ਬੇਮੌਸਮੀ ਬਰਸਾਤ ਤੇ ਹੜਾਂ ਨਾਲ ਨੁਕਸਾਨੀਆ ਫਸਲਾ ਦਾ ਪੰਜਾਬ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਅਦਾ ਕਰੇ ਤੇ ਗੰਨਾ ਕਿਸਾਨਾਂ ਨੂੰ ਗੰਨੇ ਦਾ ਲਾਭਕਾਰੀ ਮੁੱਲ ਦੇਵੇ ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਕਿਸਾਨਾਂ ਦੀ ਭਲਾਈ ਲਈ ਭੇਜੇ ਫੰਡਾਂ ਵਿੱਚ ਘਪਲੇ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਨਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ।ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਮਾਫ਼ੀਆਂ ਰਾਜ ਚੱਲ ਰਿਹਾ ਹੈ ।ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ।