ਚੰਡੀਗੜ੍ਹ, 26 ਫਰਵਰੀ : ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ ਤੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਜਿੱਥੇ ਰੋਕਿਆ ਗਿਆ, ਉੱਥੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ, ਉੱਥੇ ਕਈ ਕਿਸਾਨ ਜਖ਼ਮੀਂ ਹੋਏ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ 4 ਮੀਟਿੰਗਾਂ ਕੀਤੀਆਂ ਗਈਆਂ, ਪਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਇਸ ਵਿਚਾਲੇ ਚਰਚਾਵਾਂ ਹਨ ਕਿ ਕਿਸਾਨਾਂ ਨੇ ਮੀਟਿੰਗ ਵਿੱਚ ਕੇਂਦਰ ਅੱਗੇ ਇੱਕ ਮੰਗ ਰੱਖੀ ਸੀ, ਕਿ ਸਰਕਾਰ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਕਿਸਾਨਾਂ 'ਤੇ ਦਰਜ ਐਫਆਰਆਈ ਰੱਦ ਕਰੇ। ਇਹਨਾਂ ਖ਼ਬਰਾਂ ਦਾ ਖੰਡਨ ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗ਼ੈਰ ਸਿਆਸੀ ਨੇ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਫ਼ ਕੀਤਾ ਹੈ ਕਿ ਅਸੀਂ ਕੇਂਦਰ ਸਰਕਾਰ ਅੱਗੇ ਅਜਿਹੀ ਕੋਈ ਮੰਗ ਨਹੀਂ ਰੱਖੀ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਕਿਸਾਨਾਂ 'ਤੇ ਦਰਜ ਐਫਆਰਆਈ ਰੱਦ ਕਰੋ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਐਫਆਰਆਈ ਦਰਜ ਕਰਨੀ ਜਾਂ ਰੱਦ ਕਰਨੀ ਇਹ ਸਰਕਾਰ ਦੀ ਮਰਜ਼ੀ ਹੈ। ਕੇਂਦਰ ਸਰਕਾਰ ਨਾਲ ਜੋ ਗੱਲਬਾਤ ਟੁੱਟਣ ਦਾ ਕਾਰਨ ਇਹ ਹੈ। ਸਾਡੀਆਂ ਮੰਗਾਂ ਕੇਂਦਰ ਨੇ ਮੰਨੀਆਂ ਨਹੀਂ, ਜੋ ਅਸੀਂ ਰੱਖੀਆਂ ਸੀ ਉਹ ਹੈ ਕਿ ਐਮਐਸਪੀ 'ਤੇ ਕੇਂਦਰ ਸਰਕਾਰ ਖਰੀਦ ਗਰੰਟੀ ਕਾਨੂੰਨ ਲੈ ਕੇ ਆਵੇ ਅਤੇ 23 ਫਸਲਾਂ 'ਤੇ ਸਰਕਾਰ ਐਮਐਸਪੀ ਦੇਵੇ।