- DC ਸਮੇਤ 2 IAS ਅਧਿਕਾਰੀਆਂ ਦੀਆਂ ਪਤਨੀਆਂ ਦਾ ਨਾਮ ਵੀ FIR ‘ਚ ਸ਼ਾਮਲ
- ਹੁਣ ਵਿਜੀਲੈਂਸ ਖੰਘਾਲੇਗੀ ਸਾਰਾ ਰਿਕਾਰਡ
- ਫੜ੍ਹੇ ਜਾਣਗੇ ਘੁਟਾਲੇ ਵਿੱਚ ਸ਼ਾਮਿਲ ਹੋਰ ਵੱਡੇ ਮਗਰਮੱਛ
ਚੰਡੀਗੜ੍ਹ, 6 ਮਈ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ ਵੱਲੋਂ ਜ਼ਮੀਨ ਐਕੁਆਇਰ ਕਰਨ ‘ਚ ਜਾਅਲਸਾਜ਼ੀ ਕਰਕੇ ਕਰੋੜਾਂ ਰੁਪਏ ਦਾ ਸਰਕਾਰ ਦੇ ਖ਼ਜ਼ਾਨੇ ਨੂੰ ਰਗੜਾ ਲਾਉਣ ਦੀ ਦਰਜ ਹੋਈ FIR ਵਿਚ ਜਿੱਥੇ 2 ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ ਦੇ ਨਾਮ ਸ਼ਾਮਲ ਹਨ, ਉਥੇ ਆਪਣੀ ਪਤਨੀ ਤੇ ਬਾਕੀਆਂ ਨੂੰ ਜ਼ਮੀਨ ਅਕਵਾਇਰ ਤੋਂ ਲੈ ਕੇ ਮੁਆਵਜ਼ਾ ਦਿਵਾਉਣ ਵਾਲੇ ਆਈਏਐਸ ਅਧਿਕਾਰੀ ਰਜੇਸ਼ ਧੀਮਾਨ ਜੋ ਕਿ ਮੌਜੂਦਾ ਸਮੇਂ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹਨ, ਦਾ ਨਾਮ ਵੀ ਮੁਕੱਦਮੇ ਵਿੱਚ ਸਾਜਿਸ਼ਕਰਤਾਵਾਂ ਵਾਂਗ ਸ਼ਾਮਿਲ ਹੈ। ਜੋ FIR ਦਰਜ ਕੀਤੀ ਗਈ ਹੈ, ਉਸ ਵਿੱਚ 18 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਹਨਾਂ ਨੇ ਜਾਅਲਸਾਜ਼ੀ ਨਾਲ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਵੇਲੇ ਮੁਆਵਜ਼ਾ ਹਾਸਲ ਕੀਤਾ। ਇਹਨਾਂ 18 ਮੁਲਜ਼ਮਾਂ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਇਕ ਹੋਰ ਆਈ ਏ ਐਸ ਅਫਸਰ ਦੀ ਪਤਨੀ ਦਾ ਨਾਂ ਵੀ ਸ਼ਾਮਲ ਹੈ। ਰਾਜੇਸ਼ ਧੀਮਾਨ ਗਮਾਡਾ ਵਿਚ ਉਚ ਅਹੁਦਿਆਂ ’ਤੇ ਤਾਇਨਾਤ ਰਹੇ ਹਨ ਤੇ ਅੱਜ ਕੱਲ੍ਹ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹਨ। ਉਹਨਾਂ ਆਪਣੀ ਪਤਨੀ ਜਸਮੀਨ ਕੌਰ ਦੇ ਨਾਂ ’ਤੇ ਜ਼ਮੀਨ ਖਰੀਦੀ ਜਿਸ ਵਿਚ ਅਮਰੂਦਾਂ ਦੇ ਬਾਗ ਲਗਾਏ ਗਏ। ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਨੇ ਜਿਹਨਾਂ ਨੇ ਸਰਕਾਰ ਵੱਲੋਂ ਐਕਵਾਇਰ ਕੀਤੇ ਜਾਣ ਵਾਲੀ ਜ਼ਮੀਨ ਪਹਿਲਾਂ ਹੀ ਖਰੀਦ ਲਈ ਤੇ ਬੱਚਿਤਰ ਸਿੰਘ ਨਾਂ ਦੇ ਪਟਵਾਰੀ ਤੋਂ ਜਾਅਲੀ ਗਿਰਦਾਵਰੀਆਂ ਤਿਆਰ ਕਰਵਾ ਕੇ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਵੇਲੇ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ। ਜਾਣਕਾਰੀ ਅਨੁਸਾਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਨੂੰ 1 ਕਰੋੜ 17 ਲੱਖ ਰੁਪਏ ਤੋਂ ਵੱਧ ਦਾ ਮੁਆਵਜ਼ਾ ਮਿਲਿਆ ਹੈ। ਬਾਕਰਪੁਰ ਵਿੱਚ ਜਸਮੀਨ ਦੇ ਨਾਂ ’ਤੇ ਦੋ ਏਕੜ ਜ਼ਮੀਨ ਦਾ ਬਾਗ ਦਿਖਾਇਆ ਗਿਆ। ਇਸ ਧੋਖਾਧੜੀ ਦਾ ਢੰਗ ਵੀ ਬਿਲਕੁਲ ਵੱਖਰਾ ਸੀ। ਗਮਾਡਾ ਵਿੱਚ 2016 ਤੋਂ 2020 ਦਰਮਿਆਨ ਬਾਗਬਾਨੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਜ਼ਮੀਨ ਐਕੁਆਇਰ ਕਰਕੇ ਕਰੋੜਾਂ ਰੁਪਏ ਦਾ ਮੁਆਵਜ਼ਾ ਲਿਆ ਗਿਆ।ਗਮਾਡਾ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਕਦੋਂ ਅਤੇ ਕਿਹੜੀ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ, ਇਸ ਲਈ ਜ਼ਮੀਨ ਪਹਿਲਾਂ ਹੀ ਪਤਨੀਆਂ ਦੇ ਨਾਂ ‘ਤੇ ਖਰੀਦੀ ਗਈ ਸੀ ਅਤੇ ਉਥੇ ਅਮਰੂਦ ਦੇ ਬਾਗ ਵੀ ਰਿਕਾਰਡ ਵਿਚ ਦਿਖਾਏ ਗਏ ਸਨ। ਜਿਸ ਸਮੇਂ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਹੋਈ, ਉਸ ਸਮੇਂ ਰਾਜੇਸ਼ ਧੀਮਾਨ ਵੀ ਗਮਾਡਾ ਵਿੱਚ ਉੱਚ ਅਹੁਦੇ ’ਤੇ ਤਾਇਨਾਤ ਸਨ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਸੀ ਕਿ ਅਮਰੂਦ ਦਾ ਬੂਟਾ ਸਭ ਤੋਂ ਤੇਜ਼ੀ ਨਾਲ ਵਧਦਾ ਹੈ, ਅਗਲੇ 20 ਸਾਲਾਂ ਤੱਕ ਦਾ ਮੁਆਵਜ਼ਾ ਮਿਲਣਾ ਤੈਅ ਹੈ। ਅਜਿਹੇ ‘ਚ 20 ਸਾਲ ਤੱਕ ਧੋਖੇ ਨਾਲ ਕਰੋੜਾਂ ਦਾ ਮੁਆਵਜ਼ਾ ਲਿਆ ਗਿਆ। ਜਾਅਲੀ ਮੁਆਵਜ਼ਾ ਲੈਣ ਵਾਲਿਆਂ ਵਿੱਚ ਸੀਏ, ਪ੍ਰਾਪਰਟੀ ਡੀਲਰ, ਗਮਾਡਾ ਦੇ ਅਧਿਕਾਰੀ ਆਦਿ ਵੀ ਸ਼ਾਮਲ ਹਨ। ਘਪਲੇ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਨੇ 6 ਟੀਮਾਂ ਦਾ ਗਠਨ ਕੀਤਾ ਹੈ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ, ਬਠਿੰਡਾ, ਹੁਸ਼ਿਆਰਪੁਰ, ਮੋਹਾਲੀ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਟੀਮਾਂ ਨੇ ਮਾਲ ਤੇ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਹੈ। ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਜਲਦ ਹੀ ਇਸ ਮਾਮਲੇ ਵਿੱਚ ਸ਼ਾਮਲ ਵੱਡੇ ਮਗਰਮੱਛ ਵੀ ਫੜੇ ਜਾਣਗੇ।