ਚੰਡੀਗੜ੍ਹ, 02 ਜਨਵਰੀ : ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਪਨਬੱਸ ਵਰਕਰਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਹੈ। ਪਨਬੱਸ ਪੀਆਰਟੀਸੀ ਦੇ ਕਿਸੇ ਵੀ ਕੰਟਰੈਕਟ ਜਾਂ ਆਊਟਸੋਰਸ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ, ਉਲਟਾ ਕੁਝ ਮੁਲਾਜ਼ਮਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ,ਬਲਜੀਤ ਸਿੰਘ,ਜੁਆਇੰਟ ਸਕੱਤਰ ਜੋਧ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੰਨੂੰ,ਕੈਸ਼ੀਅਰ ਬਲਜਿੰਦਰ ਸਿੰਘ ਨੇ ਕਿਹਾ ਕੀ ਕੇਂਦਰ ਸਰਕਾਰ ਵਲੋਂ ਟ੍ਰੈਫਿਕ ਨਿਯਮਾਂ ਵਿੱਚ ਕੀਤੀ ਸੋਧ ਦੇ ਨਾਮ 'ਤੇ ਡਰਾਈਵਰਾਂ ਖਿਲਾਫ਼ ਫਤਵਾ ਦਿੰਦੇ ਹੋਏ ਨਿੱਜੀ ਕਾਰਪੋਰੇਟ ਕੰਪਨੀਆਂ ਨੂੰ ਸਿੱਧੇ ਤੌਰ 'ਤੇ ਬੀਮੇ ਤੋਂ ਬਾਹਰ ਕਰਨ ਤੇ ਵਿੱਤੀ ਲਾਭ ਦੇਣ ਲਈ ਪਾਸ ਕੀਤਾ ਗਿਆ ਹੈ ਜਿਸ ਨਾਲ ਸਾਰਾ ਭਾਰ ਡਰਾਈਵਰ ਜਮਾਤ 'ਤੇ ਪਾ ਕੇ ਨਿੱਜੀ ਕੰਪਨੀ ਨੂੰ ਸ਼ੋਸ਼ਣ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਐਕਟ ਦੇ ਵਿਰੋਧ ਦਾ ਪਨਬੱਸ ਪੀਆਰਟੀਸੀ ਯੂਨੀਅਨ ਵੱਲੋਂ ਸਮਰਥਨ ਕੀਤਾ ਜਾਵੇਗਾ ਤੇ 3 ਜਨਵਰੀ 2024 ਨੂੰ 11ਵਜੇ ਤੋ 1.00 ਵਜੇ ਤਕ 2 ਘੰਟੇ ਬੰਦ ਕਰ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਉਪਰੰਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਜਾਇਜ਼ ਮੰਗਾਂ ਮਨਵਾਉਣ ਲਈ ਯੂਨੀਅਨ ਦੀ ਮੀਟਿੰਗ ਮਿਤੀ 6 ਜਨਵਰੀ ਨੂੰ ਕਰਕੇ ਤਿੱਖੇ ਐਕਸ਼ਨ ਉਲੀਕੇ ਜਾਣਗੇ।