ਚੰਡੀਗੜ੍ਹ, 12 ਜਨਵਰੀ : ਮੁਹਾਲੀ ’ਚ ਦੋ ਸਾਲ ਪਹਿਲਾਂ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤੇ ਗਏ ਕੇਸ ਦੀ ਜਾਂਚ ਲਈ ਪਿਛਲੇ ਦਿਨੀਂ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਗਠਿਤ ਕੀਤੀ ਗਈ ਸੀ, ਜਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SIT ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ-ਪੜਤਾਲ ਲਈ 16 ਜਨਵਰੀ ਨੂੰ ਪਟਿਆਲਾ ਸਥਿਤ ਡੀਆਈਜੀ ਦੇ ਦਫਤਰ ਵਿਚ ਪੇਸ਼ ਹੋਣ ਲਈ ਸੱਦਿਆ ਹੈ। ਜ਼ਿਕਰਯੋਗ ਹੈ ਕਿ ਮਜੀਠੀਆ 2 ਵਾਰ SIT ਅੱਗੇ ਪੇਸ਼ ਵੀ ਹੋ ਚੁੱਕੇ ਹਨ। ਮਜੀਠੀਆ ਪਹਿਲੀ ਵਾਰ 18 ਦਸੰਬਰ ਨੂੰ ਇੱਥੇ ਪੇਸ਼ ਹੋ ਚੁੱਕੇ ਹਨ। ਉਸ ਵੇਲੇ ਉਨ੍ਹਾਂ ਕੋਲੋਂ ਸੱਤ ਘੰਟੇ ਪੁੱਛਗਿਛ ਕੀਤੀ ਗਈ ਸੀ। SIT ਨੇ ਉਨ੍ਹਾਂ ਨੂੰ ਦੂਜੀ ਵਾਰ 27 ਦਸੰਬਰ ਨੂੰ ਮੁੜ ਪੇਸ਼ ਹੋਣ ਕਿਹਾ ਸੀ, ਪਰ ਉਹ ਸ਼ਹੀਦੀ ਸਭਾ ਕਰਕੇ ਪੇਸ਼ ਨਹੀਂ ਹੋਏ ਸਨ ਅਤੇ 30 ਦਸੰਬਰ ਨੂੰ ਮਜੀਠੀਆ SIT ਅੱਗੇ ਮੁੜ ਪੇਸ਼ ਹੋਏ ਸਨ। ਹਾਲਾਂਕਿ ਉਸ ਸਮੇਂ ਇਸ ਸਿਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਸਨ। ਛੀਨਾ ਦੇ 31 ਦਸੰਬਰ ਨੂੰ ਸੇਵਾਮੁਕਤ ਹੋਣ ਉਪਰੰਤ ਸਰਕਾਰ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਸਿੱਟ ਬਣਾਈ ਗਈ ਹੈ।