ਚੰਡੀਗੜ੍ਹ 12 ਫਰਵਰੀ : ਕਈ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਦਿੱਲੀ ਚੱਲੋ ਦੇ ਸੱਦੇ ‘ਤੇ ਜਾ ਰਹੇ ਕਿਸਾਨਾਂ ਦਾ ਸੰਘਰਸ਼ ਕਰਨ ਦਾ ਹੱਕ ਖੋਹਣ ਲਈ ਸੜਕਾਂ ਉੱਤੇ ਪਥਰੀਲੀਆਂ ਕੰਧਾਂ ਕੱਢਣ,ਕਿੱਲ ਗੱਡਣ ਅਤੇ ਸਾਰੇ ਪੇਂਡੂ ਰਸਤਿਆਂ ਉੱਤੇ ਵੀ ਰੋਕਾਂ ਲਾਉਣ ਵਰਗੇ ਜਾਬਰ ਹਥਕੰਡੇ ਵਰਤਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਉੱਤੇ ਦੋਸ਼ ਲਾਇਆ ਗਿਆ ਹੈ ਕਿ ਇੱਕ ਪਾਸੇ ਦੇਸ਼ ਅੰਦਰ ਜਮਹੂਰੀਅਤ ਦਾ ਦਾਅਵਾ ਪਰ ਦੂਜੇ ਪਾਸੇ ਸੰਘਰਸ਼ ਕਰਨ ਦੇ ਸੰਵਿਧਾਨਕ ਜਮਹੂਰੀ ਅਧਿਕਾਰ ਦਾ ਘਾਣ ਕੀਤਾ ਜਾ ਰਿਹਾ ਹੈ। ਸੜਕਾਂ ਉੱਤੇ ਸਰਾਸਰ ਗਲਤ ਢੰਗ ਨਾਲ ਰੋਕਾਂ ਲਾਉਣ ਤੋਂ ਇਲਾਵਾ ਹਰਿਆਣਾ ਤੇ ਮੱਧ ਪ੍ਰਦੇਸ਼ ਵਰਗੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹੀਂ ਡੱਕਿਆ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਸਾਰੀਆਂ ਰੋਕਾਂ ਹਟਾਈਆਂ ਜਾਣ ਅਤੇ ਗ੍ਰਿਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ।