- ਭਗਵੰਤ ਮਾਨ ਨੇ ਭਾਨਾ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਹੀ ਨਹੀਂ ਪਰਿਵਾਰਕ ਮੈਂਬਰਾਂ 'ਤੇ ਵੀ 307 ਦੇ ਪਰਚੇ ਜਾਰੀ ਕੀਤੇ: ਮਜੀਠੀਆ
ਚੰਡੀਗੜ੍ਹ, 11 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਟਵਿੱਟਰ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਭਗਵੰਤ ਮਾਨ, ਭਾਨਾ ਸਿੱਧੂ ਅਤੇ ਲੱਖਾ ਸਿਧਾਣਾ ਪੁਰਾਣੇ ਦੋਸਤ ਸਨ ਪਰ ਹੁਣ ਇਨ੍ਹਾਂ ਦੀ ਆਪਸ ਵਿੱਚ ਤਕਰਾਰ ਚੱਲ ਰਹੀ ਹੈ। ਬਿਕਰਮ ਮਜੀਠੀਆ ਨੇ ਐਕਸ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਭਗਵੰਤ ਮਾਨ, ਭਾਨਾ ਸਿੱਧੂ ਅਤੇ ਲੱਖਾ ਸਿਧਾਣਾ ਤਿੰਨ ਪੁਰਾਣੇ ਦੋਸਤ ਰਹੇ ਹਨ। ਉਸ ਸਮੇਂ ਉਹ ਹਰ ਦਿਨ ਦੂਸਰਿਆਂ ਦਾ (ਭਾਵੇਂ ਅਕਾਲੀ ਦਲ ਹੋਵੇ ਜਾਂ ਕਾਂਗਰਸ ਪਾਰਟੀ ਸੱਤਾ ਵਿਚ ਸੀ) ਦਾ ਮਜ਼ਾਕ ਉਡਾਇਆ ਕਰਦੇ ਸਨ। ਅੱਜ ਜਦੋਂ ਉਨ੍ਹਾਂ ਨੇ ਭਗਵੰਤ ਮਾਨ ਦੇ ਪਰਿਵਾਰ 'ਤੇ ਟਿੱਪਣੀ ਕੀਤੀ ਤਾਂ ਉਹ ਆਪਸ 'ਚ ਉਲਝ ਗਏ ਅਤੇ ਭਗਵੰਤ ਮਾਨ ਨੇ ਭਾਨਾ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਵੀ 307 ਦੇ ਪਰਚੇ ਜਾਰੀ ਕੀਤੇ। ਬਿਕਰਮ ਮਜੀਠੀਆ ਨੇ ਕਿਹਾ ਕਿ ਸਿਆਣੇ ਆਦਿ ਕਾਲ ਤੋਂ ਕਹਿੰਦੇ ਆਏ ਹਨ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਭਗਵੰਤ ਮਾਨ ਸਾਬ ਨੇ ਇੱਕ ਸਕੂਲ ਵਿੱਚ ਬੈਠੀ ਤੇ ਇੱਕ ਘਰ ਵਿੱਚ ਬੈਠੀ ਭੈਣ ’ਤੇ 307 ਦਾ ਪਰਚਾ ਦਰਜ ਕਰਵਾ ਦਿੱਤਾ ਹੈ। ਭਗਵੰਤ ਮਾਨ ਜੀ ਸੱਤਾ ਸਦਾ ਲਈ ਨਹੀਂ ਹੁੰਦੀ। ਤੁਹਾਨੂੰ ਵੀ ਆਪਣੀਆਂ ਵਧੀਕੀਆਂ ਦਾ ਜਵਾਬ ਦੇਣਾ ਪਵੇਗਾ। ਉਸ ਵੇਲੇ ਤੁਹਾਡੇ ਤੋਂ ਝੱਲ ਨਹੀਂ ਹੋਣਾ। ਕੁਝ ਤਾਂ ਰੱਬ ਤੋਂ ਡਰੋ। ਦੱਸ ਦਈਏ ਕਿ ਯੂ-ਟਿਊਬਰ ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਖ਼ਿਲਾਫ਼ ਬਰਨਾਲਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਇਹ ਨਵਾਂ ਮਾਮਲਾ ਧਨੌਲਾ ਥਾਣੇ ਨੇ ਦਰਜ ਕੀਤਾ ਹੈ। ਪੁਲਿਸ ਵਲੋਂ ਦਰਜ ਐਫਆਈਆਰ ਅਨੁਸਾਰ ਭਾਨਾ ਸਿੱਧੂ ਦੇ ਪਿਤਾ, ਉਸ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋਵੇਂ ਭੈਣਾਂ ਤੇ ਲੱਖਾ ਸਿਧਾਣਾ ਉਪਰ ਇਹ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਉਪਰ ਬਡਬਰ ਟੌਲ ਪਲਾਜ਼ਾ ਤੇ ਪੁਲਿਸ ਪਾਰਟੀ ਉਪਰ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਦਰਅਸਲ ਭਾਨਾ ਸਿੱਧੂ ਉਪਰ ਦਰਜ 4 ਪੁਲਿਸ ਮਾਮਲਿਆਂ ਦੇ ਵਿਰੋਧ ਵਿੱਚ ਉਸ ਦੇ ਹਮਾਇਤੀਆਂ ਨੇ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਉ ਕਰਨਾ ਸੀ। ਉਸ ਦਿਨ ਬਡਬਰ ਟੌਲ ਉਪਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿੱਚ ਕਾਫੀ ਖਿੱਚੋਤਾਣ ਹੋਈ ਸੀ। ਉਸ ਦਿਨ ਉੱਚ ਪੁਲਿਸ ਅਧਿਕਾਰੀਆਂ ਨੇ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਨਵੀਂ ਐਫਆਈਆਰ ਨਾਲ ਭਾਨਾ ਸਿੱਧੂ ਦਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।