ਚੰਡੀਗੜ੍ਹ, 12 ਫਰਵਰੀ : ਕਿਸਾਨਾਂ ਦੇ ਦਿੱਲੀ ਕੂਚ ਦੀਆਂ ਚੱਲ ਰਹੀਆਂ ਤਿਆਰੀਆਂ ਵਿਚਾਲੇ ਜਿਥੇ ਹਰਿਆਣਾ ਪ੍ਰਸ਼ਾਸਨ ਪੁਖਤਾ ਇੰਤਜ਼ਾਮ ਕਰਨ ਵਿੱਚ ਲੱਗਾ ਹੋਇਆ ਹੈ, ਉਥੇ ਹੀ ਦਿੱਲੀ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਕਿਸਾਨਾਂ ਦੇ 13 ਫਰਵਰੀ ਨੂੰ ਮਾਰਚ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਵੀ ਧਾਰਾ 144 ਲਾ ਦਿੱਤੀ ਗਈ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 13 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ‘ਦਿੱਲੀ ਚਲੋ’ ਮਾਰਚ ਦਾ ਐਲਾਨ ਕੀਤਾ ਗਿਆ ਹੈ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਧਰਨਾ ਦੇਣਾ ਚਾਹੁੰਦੇ ਹਨ। ਕਿਸਾਨ ਅੰਦੋਲਨ ਕਾਰਨ ਤਣਾਅ, ਸਮਾਜਿਕ ਸਦਭਾਵਨਾ ਦੇ ਵਿਗੜਨ ਅਤੇ ਇੱਥੋਂ ਤੱਕ ਕਿ ਹਿੰਸਾ ਦਾ ਡਰ ਵੀ ਪ੍ਰਗਟਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀ ਟਰੈਕਟਰ ਟਰਾਲੀਆਂ ਦੀ ਵਰਤੋਂ ਕਰ ਸਕਦੇ ਹਨ ਜਿਸ ਨਾਲ ਹੋਰ ਡਰਾਈਵਰਾਂ ਨੂੰ ਅਸੁਵਿਧਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਨਵੀਂ ਦਿੱਲੀ ‘ਚ ਟਰੈਕਟਰਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਕੁਝ ਸਮਾਜ ਵਿਰੋਧੀ ਅਨਸਰ ਦਿੱਲੀ ‘ਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਖੁਫੀਆ ਏਜੰਸੀਆਂ ਤੋਂ ਵੀ ਅਜਿਹੇ ਕੁਝ ਇਨਪੁਟ ਮਿਲੇ ਹਨ। ਅਹਿਤਿਆਤ ਵਜੋਂ ਪੂਰੀ ਦਿੱਲੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰਾਜਧਾਨੀ ਵਿੱਚ ਦਾਖ਼ਲ ਹੋਣ ਵਾਲੀਆਂ ਸਾਰੀਆਂ ਸਰਹੱਦਾਂ ’ਤੇ ਕੰਡਿਆਲੀ ਤਾਰ, ਮਿੱਟੀ ਨਾਲ ਭਰੀਆਂ ਬੋਰੀਆਂ, ਜਰਸੀ ਬੈਰੀਕੇਡ (ਸੀਮਿੰਟ ਬੈਰੀਕੇਡ), ਲੋਹੇ ਦੇ ਬੈਰੀਕੇਡ, ਰੋਡ ਰੋਲਰ, ਪੱਥਰਾਂ ਨਾਲ ਢੱਕੇ ਡੰਪਰ, ਪੱਥਰਾਂ ਨਾਲ ਭਰੇ ਕੰਟੇਨਰ ਅਤੇ ਸੜਕਾਂ ’ਤੇ ਵਿਛਾਉਣ ਲਈ ਲੋਹੇ ਦੀਆਂ ਮੇਖਾਂ ਆਦਿ ਲਾਉਣ ਵਿੱਚ ਰੁੱਝਿਆ ਹੋਇਆ ਹੈ। ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਗਾਜ਼ੀਪੁਰ ਬਾਰਡਰ ਤੋਂ ਗਾਜ਼ੀਆਬਾਦ ਜਾਣ ਵਾਲੇ ਵਾਹਨ ਪੁਸ਼ਤਾ ਰੋਡ ਜਾਂ ਪਟਪੜਗੰਜ ਰੋਡ/ਮਦਰ ਡੇਅਰੀ ਰੋਡ ਜਾਂ ਚੌਧਰੀ ਚਰਨ ਸਿੰਘ ਮਾਰਗ ISBT ਆਨੰਦ ਵਿਹਾਰ ਤੋਂ ਅਕਸ਼ਰਧਾਮ ਮੰਦਰ ਦੇ ਸਾਹਮਣੇ ਅਤੇ ਮਹਾਰਾਜਪੁਰ ਜਾਂ ਯੂਪੀ ਗਾਜ਼ੀਆਬਾਦ ਵਿੱਚ ਅਪਸਰਾ ਸਰਹੱਦ ਤੋਂ ਬਾਹਰ ਨਿਕਲ ਸਕਣਗੇ।