ਅਨਮੋਲ ਗਗਨ ਮਾਨ ਵਲੋਂ ਅੰਤਰਰਾਸ਼ਟਰੀ ਫਿਟੂਰ ਸੈਰ ਸਪਾਟਾ ਸੰਮੇਲਨ ਵਿਚ ਸ਼ਿਰਕਤ

  • ਭਾਰਤ ਪੈਵੇਲੀਅਨ ਦਾ ਸੈਰ ਸਪਾਟਾ ਮੰਤਰੀ ਵਲੋਂ ਉਦਘਾਟਨ
  • ਸੈਰ ਸਪਾਟਾ ਮੰਤਰੀ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਕੀਤਾ ਪ੍ਰੇਰਿਤ

ਚੰਡੀਗੜ੍ਹ, 24 ਜਨਵਰੀ : ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵਲੋਂ ਸਪੇਨ ਦੇ ਸ਼ਹਿਰ ਮੈਡਰਿਡ ਵਿਚ ਅੱਜ ਸ਼ੁਰੂ ਹੋਏ ਅੰਤਰਰਾਸ਼ਟਰੀ ਫਿਟੂਰ ਸੈਰ ਸਪਾਟਾ ਸੰਮੇਲਨ ਵਿਚ ਸ਼ਿਰਕਤ ਕੀਤੀ ਗਈ। ਸੂਬੇ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਪੰਜਾਬ ਰਾਜ ਦੇ ਵਫ਼ਦ ਨੇ ਇਸ ਸੈਰ ਸਪਾਟਾ ਸੰਮੇਲਨ ਵਿਚ ਸ਼ਿਰਕਤ ਕੀਤੀ ਗਈ ਹੈ। ਸੰਮੇਲਨ ਦੇ ਪਹਿਲੇ ਦਿਨ ਅੱਜ ਭਾਰਤੀ ਪੈਵੇਲੀਅਨ ਦਾ ਉਦਘਾਟਨ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ।ਇਸ ਮੌਕੇ ਹਿੰਦੁਸਤਾਨ ਦੇ ਸਪੇਨ ਵਿਚ ਸਫ਼ੀਰ ਦਿਨੇਸ਼ ਕੇ ਪਾਠਕ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਅਤੇ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਕੁਮਾਰ ਪੋਪਲੀ ਅਤੇ ਹਿਮਾਂਸ਼ੂ ਜੈਨ, ਏ.ਸੀ.ਈ.ਉ. ਇਨਵੈਸਟ ਪੰਜਾਬ ਵੀ ਹਾਜ਼ਰ ਸਨ। ਸੰਮੇਲਨ ਦੌਰਾਨ ਅਨਮੋਲ ਗਗਨ ਮਾਨ ਵਲੋਂ ਵੱਖ ਵੱਖ ਦੇਸ਼ਾਂ ਦੇ ਸੈਰ ਸਪਾਟਾ ਸਨਅਤ ਨਾਲ ਜੁੜੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੰਜਾਬ ਦੇ ਸੈਰ ਸਪਾਟਾ ਖੇਤਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਖੂਬਸੂਰਤ ਦਰਿਆ, ਜੰਗਲ,ਪਹਾੜ ਅਤੇ ਵੱਖ ਵੱਖ ਮੌਸਮਾਂ ਵਾਲਾ ਪੌਣਪਾਣੀ ਹੈ। ਇਸ ਤੋਂ ਇਲਾਵਾ ਸਿੱਖ ਧਰਮ ਅਤੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਸਥਾਨ ਵੀ ਪੰਜਾਬ ਵਿੱਚ ਹੀ ਹਨ। ਉਨ੍ਹਾਂ ਸੈਰ ਸਪਾਟੇ ਸਨਅਤ ਨਾਲ ਜੁੜੇ ਲੋਕਾਂ ਦੱਸਿਆ ਕਿ ਸਰਦ ਰੁੱਤ ਵਿਚ ਪੂਰੀ ਦੁਨੀਆ ਤੋਂ ਪੰਛੀਆਂ ਵੀ ਪੰਜਾਬ ਵਿੱਚ ਸਭ ਤੋਂ ਵੱਧ ਆਉਂਦੇ ਹਨ। ਅਨਮੋਲ ਗਗਨ ਮਾਨ ਵਲੋਂ ਸੈਰ ਸਪਾਟਾ ਸਨਅਤ ਰਾਹੀਂ ਵੱਡੀ ਆਮਦਨ ਹਾਂਸਲ ਕਰਨ ਵਾਲੇ ਮੁਲਕਾਂ ਦੇ ਪ੍ਰਤੀਭਾਗੀ ਨਾਲ ਪੰਜਾਬ ਵਿੱਚ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸੈਰ ਸਪਾਟਾ ਸੰਮੇਲਨ ਵਿਚ ਪੰਜਾਬ ਸਰਕਾਰ ਦੀ ਤਰਫੋਂ ਬਹੁਤ ਲੰਬੇ ਅਰਸੇ ਬਾਅਦ ਕਿਸੇ ਵਫ਼ਦ ਵਲੋਂ ਸ਼ਮੂਲੀਅਤ ਕੀਤੀ ਗਈ ਹੈ।