- ਮੁੱਖ ਮੰਤਰੀ ਨੇ ਨਿਹੰਗ ਸਿੰਘਾਂ ਦੇ ਇਕ ਧੜੇ ਨੂੰ ਹਟਾ ਕੇ ਆਪਣੇ ਨਜ਼ਦੀਕੀ ਦੋਸਤ ਦੀ ਅਗਵਾਈ ਵਾਲੀ ਵਿਰੋਧੀ ਧਿਰ ਦਾ ਕਬਜ਼ਾ ਕਰਵਾਉਣ ਲਈ ਗੁਰਦੁਆਰਾ ਸਾਹਿਬ ’ਤੇ ਹਮਲੇ ਦੇ ਹੁਕਮ ਦਿੱਤੇ
ਚੰਡੀਗੜ੍ਹ, 1 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਹੁਕਮਾਂ ’ਤੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਅਰਾ ਅਕਾਲ ਬੁੰਗਾ ਸਾਹਿਬ ’ਤੇ ਹੋਏ ਬੇਅਦਬੀ ਭਰੇ ਹਥਿਆਰਬੰਦ ਹਮਲੇ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਕੀਤੀ ਜਾਵੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੁਨੀਆਂ ਭਰ ਦੀ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਰਾਜਪਾਲ ਨਾਲ ਹੋਈ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਵਾਲੇ ਉੱਚ ਪੱਧਰੀ ਵਫਦ ਦੀ ਅਗਵਾਈ ਕੀਤੀ, ਨੇ ਕਿਹਾ ਕਿ ਸਵੇਰੇ 4.00 ਵਜੇ ਸ਼ਾਂਤਮਈ ਬੈਠੀ ਸੰਗਤ ’ਤੇ ਉਸ ਵੇਲੇ ਹਥਿਆਰਬੰਦ ਹਮਲਾ ਕੀਤਾ ਗਿਆ ਜਦੋਂ ਉਹ ਗੁਰਬਾਣੀ ਦਾ ਜਾਪ ਕਰ ਰਹੀ ਸੀ ਤੇ ਇਸ ਹਮਲੇ ਨੇ 1984 ਵਿਚ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹੋਇਆ ਹਮਲਾ ਚੇਤੇ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਸਿੱਖਾਂ ਵਿਚ ਰੋਸ ਹੈ ਤੇ ਉਹ ਇਸ ਘਿਨੌਣੀ ਹਰਕਤ ਵਾਸਤੇ ਨਿਆਂ ਮੰਗ ਰਹੀ ਹੈ। ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਤਰਾਂ ਦੇ ਮੁਤਾਬਕ ਮੁੱਖ ਮੰਤਰੀ ਨੇ ਕਪੂਰਥਲਾ ਪੁਲਿਸ ਨੂੰ ਹੁਕਮ ਦਿੱਤਾ ਕਿ ਗੁਰਦੁਆਰਾ ਅਕਾਲ ਬੁੰਗਾ ਤੋਂ ਨਿਹੰਗ ਸਿੰਘਾਂ ਦੇ ਇਕ ਧੜੇ ਨੂੰ ਹਟਾ ਕੇ ਉਹਨਾਂ ਦੇ ਨਜ਼ਦੀਕੀ ਮਿੱਤਰ ਤੇ ਨਿਹੰਗ ਸਿੰਘਾਂ ਦੇ ਵਿਰੋਧੀ ਧੜੇ ਦੀ ਅਗਵਾਈ ਕਰਨ ਵਾਲੇ ਆਗੂ ਦਾ ਕਬਜ਼ਾ ਕਰਵਾਇਆ ਜਾਵੇ। ਉਹਨਾਂ ਕਿਹਾਕਿ ਇਸ ਤੋਂ ਵੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਨੇ ਇਹ ਹੁਕਮ ਰਾਤ ਨੂੰ ਸ਼ਰਾਬੀ ਹਾਲਤ ਵਿਚ ਦਿੱਤੇ ਜਿਸ ਕਾਰਨ ਕਪੂਰਥਲਾ ਪੁਲਿਸ ਵੱਡੇ ਤੜਕੇ ਪੂਰੀ ਲੜਾਈ ਵਾਲੀ ਵਰਤੀ ਵਿਚ ਅਸਾਲਟ ਰਾਈਫਲਾਂ ਲੈ ਕੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਈ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਸਬੰਧ ਵਿਚ ਸਬੂਤ ਰਾਜਪਾਲ ਨੂੰ ਸੌਂਪੇ ਗਏ ਹਨ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਵਫਦ ਜਿਸ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਵੀ ਸ਼ਾਮਲ ਸਨ, ਨੇ ਰਾਜਪਾਲ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਵਾਸਤੇ ਉਸੇ ਅਫਸਰ ਦੀ ਅਗਵਾਈ ਵਿਚ ਐਸ ਆਈ ਟੀ ਗਠਿਤ ਕਰ ਕੇ ਆਪਣੀਆਂ ਮੁਸ਼ਕਿਲਾਂ ਹੋਰ ਵਧਾ ਲਈਆਂ ਹਨ ਜਿਸਨੇ ਮੁੱਖ ਮੰਤਰੀ ਦੇ ਹੁਕਮਾਂ ’ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਿਰਫ ਸੀ ਬੀ ਆਈ ਜਾਂਚ ਹੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਸਕਦੀ ਹੈ ਤੇ ਇਸ ਮਾਮਲੇ ਵਿਚ ਮੁੱਖ ਮੰਤਰੀ ਅਤੇ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦੇ ਖਿਲਾਫ ਕਤਲ ਕੇਸ ਦੇ ਨਾਲ-ਨਾਲ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀ ਕਾਰਵਾਈ ਦਾ ਮਕਸਦ ਨਿਹੰਗ ਸਿੰਘਾਂ ਦੇ ਇਕ ਧੜੇ ਦੀ ਮਦਦ ਕਰਨਾ ਸੀ। ਉਹਨਾਂ ਕਿਹਾ ਕਿ ਇਸੇ ਕਾਰਨ ਇਹ ਹਮਲਾ ਕੀਤਾ ਗਿਆ ਹਾਲਾਂਕਿ ਸੁਲਤਾਨਪੁਰ ਲੋਧੀ ਵਿਚ ਕਾਨੂੰਨ ਵਿਵਸਥਾ ਖਰਾਬ ਹੋਣ ਦਾ ਕੋਈ ਮਾਮਲਾ ਨਹੀਂ ਸੀ। ਉਹਨਾਂ ਕਿਹਾ ਕਿ ਹੋਰ ਵੀ ਮੰਦਭਾਗੀ ਗੱਲ ਇਹ ਹੈ ਕਿ ਹਮਲਾ ਉਦੋਂ ਕੀਤਾ ਗਿਆ ਜਦੋਂ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਮੀਡੀਆ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਜਿਸ ਪੱਤਰਕਾਰ ਨੇ ਸਾਰੀ ਪੁਲਿਸ ਫੋਰਸ ਵੱਲੋਂ ਕੀਤੀ ਜਾ ਰਹੀ ਪੁਲਿਸ ਕਾਰਵਾਈ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਉਸ ’ਤੇ ਹਮਲਾ ਕਰ ਦਿੱਤਾ ਗਿਆ ਤੇ ਉਸਨੂੰ ਗੰਭੀਰ ਸੱਟਾਂ ਵੱਜੀਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਬਲਕਿ ਪ੍ਰੈਸ ਦੀ ਆਜ਼ਾਦੀ ’ਤੇ ਵੀ ਹਮਲਾ ਕੀਤਾ। ਸਰਦਾਰ ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਤੇ ਪਥਪ੍ਰੀਤ ਸਿੰਘ ਵਰਗੇ ਅਖੌਤੀ ਪੰਥਕ ਆਗੂਆਂ ਦੇ ਨਾਲ-ਨਾਲ ਐਮ ਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਘਟਨਾ ਬਾਰੇ ਕਿਉਂ ਚੁੱਪ ਹਨ ? ਉਹਨਾਂ ਕਿਹਾ ਕਿ ਇਸ ਘਟਨਾ ਨੇ ਉਹਨਾਂ ਦੇ ਪੰਥ ਵਿਰੋਧੀ ਤਾਕਤਾਂ ਨਾਲ ਰਲੇ ਹੋਣ ਨੂੰ ਬੇਨਕਾਬ ਕਰ ਦਿੱਤਾ ਹੈ। ਇਸ ਦੌਰਾਨ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਉਦਯੋਗਪਤੀ ਇਹ ਸ਼ਿਕਾਇਤਾਂ ਕਰ ਰਹੇ ਹਨ ਕਿ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਫਿਰੌਤੀ ਲਈ ਧਮਕੀਆਂ ਦੀ ਸੂਬਾ ਪੁਲਿਸ ਨੂੰ ਕੀਤੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋ ਰਿਹਾ।