ਚੰਡੀਗੜ੍ਹ, 10 ਅਪ੍ਰੈਲ : ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੱਦੇ 'ਤੇ 'ਆਪ' ਦੀ ਵਿਦਿਆਰਥੀ ਜਥੇਬੰਦੀ CYSS (ਛਾਤਰ ਯੁਵਾ ਸੰਘਰਸ਼ ਸਮਿਤੀ) ਨੇ ਸੂਬੇ ਭਪ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 'ਮੋਦੀ ਹਟਾਓ ਦੇਸ਼ ਬਚਾਓ' ਮੁਹਿੰਮ ਚਲਾਈ। ਪਠਾਨਕੋਟ ਵਿਖੇ ਪੰਜਾਬ ਯੂਥ ਡਿਵੈਲਪਮੈਂਟ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ “ਪਹਿਲੇ ਡਿਗਰੀ ਦਿਖਾਓ ਫਿਰ ਦੇਸ਼ ਚਲਾਓ” ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੀਵਾਈਐਸਐਸ ਦੇ ਸੀਨੀਅਰ ਆਗੂ ਸੰਜੀਵ ਚੌਧਰੀ ਅਤੇ ਪਾਰਸ ਰਤਨ ਵੀ ਮੌਜੂਦ ਸਨ, ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ ਵਿੱਚ ਰੋਸ ਪ੍ਰਦਰਸ਼ਨ ਦੀ ਅਗਵਾਈ CYSS ਦੇ ਸੀਨੀਅਰ ਆਗੂ ਨਵਲਦੀਪ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਆਯੂਸ਼ ਖਟਕੜ ਨੇ ਕੀਤੀ, ਜਿਸ ਵਿੱਚ ਉਨ੍ਹਾਂ ਨੇ ਉੱਥੇ ਦੇ ਵਿਦਿਆਰਥੀਆਂ ਨਾਲ ਸਿਆਸੀ ਆਗੂਆਂ ਦੀ ਵਿਦਿਅਕ ਯੋਗਤਾ ਬਾਰੇ ਆਪਣੇ ਵਿਚਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਨੌਜਵਾਨਾਂ ਨੂੰ ਪੁੱਛਿਆ ਕਿ ਉਹ ਕਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਚਾਹੁੰਦੇ ਹਨ। ਇਸ ਦੌਰਾਨ ਉਨ੍ਹਾਂ ਸਿੱਟਾ ਕੱਢਿਆ ਕਿ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਲੋਕ ਸਾਡੇ ਦੇਸ਼ ਦੀ ਅਗਵਾਈ ਨਹੀਂ ਕਰ ਸਕਦੇ, ਜਿੱਥੇ ਅਸੀਂ ਆਪਣੇ ਨੌਜਵਾਨਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਸਾਹਮਣਾ ਕਰ ਰਹੇ ਹਾਂ। ਜੀਐਨਡੀਯੂ ਕੈਂਪਸ ਅੰਮ੍ਰਿਤਸਰ ਵਿੱਚ ਅੰਦੋਲਨ ਦੀ ਅਗਵਾਈ ਸੀਵਾਈਐਸਐਸ ਆਗੂ ਅਰਸ਼ ਨੇ ਕੀਤੀ। ਸਰਕਾਰੀ ਕਿਰਤੀ ਕਾਲਜ ਨਿਆਲ ਵਿਖੇ ਇਸ ਮੁਹਿਮ ਦੀ ਅਗਵਾਈ ਗੁਰਲਾਲ ਸਿੰਘ ਅਤੇ ਅਮਨ ਘੱਗਾ ਨੇ ਕੀਤੀ ਜਦਕਿ ਸਰਕਾਰੀ ਕਾਲਜ ਡੇਰਾਬਸੀ ਵਿਖੇ ਇਸ ਮੁਹਿੰਮ ਦੀ ਅਗਵਾਈ ਸੀਵਾਈਐਸਐਸ ਆਗੂ ਪ੍ਰਿੰਸ ਚੌਧਰੀ ਅਤੇ ਨਵੀ ਚੌਧਰੀ ਨੇ ਕੀਤੀ। ਆਮ ਆਦਮੀ ਪਾਰਟੀ ਦੇ ਸਮੂਹ ਨੌਜਵਾਨ ਆਗੂਆਂ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਆਗੂ ਸਾਡੀ ਕੌਮ, ਬੱਚਿਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਰਹੇ ਹਨ।