- ਕਿਹਾ ਕਿ ਔਰਤਾਂ ਲਈ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਲਈ ਜਾਂ ਇਕ ਸਾਲ ਪਹਿਲਾਂ ਨੋਟੀਫਾਈ ਕੀਤੀ ਪੁਰਾਣੀ ਪੈਨਸ਼ਨ ਸਕੀਮ ਵਾਸਤੇ ਕੋਈ ਫੰਡ ਨਹੀਂ ਰੱਖਿਆ ਗਿਆ
ਚੰਡੀਗੜ੍ਹ, 5 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਾਲ 2024-25 ਦਾ ਬਜਟ ਪੇਸ਼ ਕਰਨ ਲੱਗਿਆਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਨਾਂਹ ਕਰ ਕੇ ਅਤੇ ਕਿਸਾਨਾਂ, ਨੌਜਵਾਨਾਂ, ਵਪਾਰ ਤੇ ਉਦਯੋਗ ਨਾਲ ਵਿਤਕਰਾ ਕਰ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ। ਬਜਟ ’ਤੇ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਜਟ ਵਿਚ ਦੋ ਸਾਲ ਪਹਿਲਾਂ ਆਪ ਸਰਕਾਰ ਵੱਲੋਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਔਰਤਾਂ ਦਾ ਦੋ ਸਾਲਾਂ ਦਾ 24-24 ਹਜ਼ਾਰ ਰੁਪਏ ਦਾ ਬਕਾਇਆ ਖੜ੍ਹਾ ਹੋ ਗਿਆ ਹੈ। ਉਹਨਾਂ ਕਿਹਾਕਿ ਇਸੇ ਤਰੀਕੇ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਜਦੋਂ ਕਿ ਇਸਦਾ ਨੋਟੀਫਿਕੇਸ਼ਨ ਇਕ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ।
ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਨੌਜਵਾਨਾਂ ਤੇ ਉਦਯੋਗਿਕ ਖੇਤਰ ਨਾਲ ਵੀ ਭੱਦਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਉਦਮਤਾ ਸਕੀਮ ਵਾਸਤੇ ਸਿਰਫ 15 ਕਰੋੜ ਰੁਪਏ ਰੱਖੇ ਗਏ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਹੈ। ਇਸੇ ਤਰੀਕੇ ਪੰਜਾਬ ਹੁਨਰ ਵਿਕਾਸ ਤੇ ਸੀ ਪਾਈਟ ਸਕੀਮ ਵਾਸਤੇ ਸਿਰਫ 46 ਕਰੋੜ ਰੁਪਏ ਰੱਖੇ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਕੁਦਰਤੀ ਆਫਤਾਂ ਦੇ ਮਾਮਲੇ ਵਿਚ ਕਿਸਾਨਾਂ ਦੀ ਸਹਾਇਤਾ ਲਈ ਸਿਰਫ 130 ਕਰੋੜ ਰੁਪਏ ਰੱਖੇ ਹਨ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਸਿਰਫ ਇਕ ਸਾਲ ਵਿਚ ਹੀ ਹੜ੍ਹਾਂ ਨਾਲ ਹੋਏ ਨੁਕਸਾਨ ਬਦਲੇ 650 ਕਰੋੜ ਰੁਪਏ ਦੀ ਰਾਹਤ ਦਿੱਤੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਨਵੇਂ ਉਦਯੋਗਾਂ ਵਾਸਤੇ ਪ੍ਰੋਤਸਾਹਨ ਵਾਸਤੇ ਸਿਰਫ 50 ਕਰੋੜ ਰੁਪਏ ਰੱਖ ਕੇ ਉਦਯੋਗਿਕ ਖੇਤਰ ਨਾਲ ਭੱਦਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਸਿਰਫ ਇਸ ਨਿਗੂਣੀ ਪ੍ਰੋਤਸਾਹਨ ਰਾਸ਼ੀ ਨਾਲ ਪੰਜਾਬ ਤੋਂ ਉਦਯੋਗ ਦੀ ਹੋਰ ਰਾਜਾਂ ਵਿਚ ਹਿਜਰਤ ਕਿਵੇਂ ਰੋਕ ਸਕਾਂਗੇ ? ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਤੇ ਬੁਨਿਆਦੀ ਢਾਚੇ ਦੀ ਸਿਰਜਣਾ ਵੀ ਰੁਕ ਜਾਣ ਦੇ ਆਸਾਰ ਹਨ ਤੇ ਕਿਹਾ ਕਿ 2 ਲੱਖ ਕਰੋੜ ਰੁਪਏ ਵਿਚੋਂ ਸਿਰਫ 7500 ਕਰੋੜ ਰੁਪਏ ਪੂੰਜੀਗਤ ਖਰਚੇ ਵਾਸਤੇ ਰੱਖੇ ਗਏ ਹਨ। ਇਸ ਤੋਂ ਪਤਾ ਚਲਦਾ ਹੈ ਕਿ ਸਰਕਾਰ ਦਾ ਵਿਕਾਸ ਕਰਨ ਦਾ ਕੋਈ ਇਰਾਦਾ ਨਹੀਂ ਹੈ ਤੇ ਇਹ ਸਿਰਫ ਅਰਵਿੰਦ ਕੇਜਰੀਵਾਲ ਲਈ ਪੀ ਆਰ ਸਰਗਰਮੀਆਂ ਚਲਾਉਣ ਵਿਚ ਹੀ ਦਿਲਚਸਪੀ ਰੱਖਦੀ ਹੈ ਜਿਸ ਵਾਸਤੇ ਹਰ ਸਾਲ ਸੈਂਕੜੇ ਕਰੋੜ ਰੁਪਏ ਅਲਾਟ ਕੀਤੇ ਜਾਂਦੇ ਹਨ।