- ਪੰਜਾਬ ਦੇ ਲੋਕਾਂ ਦਾ ਪੈਸਾ ਆਮ ਆਦਮੀ ਕਲੀਨਿਕਾਂ 'ਤੇ ਖ਼ਰਚ ਕਰਕੇ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ: ਵੜਿੰਗ
- ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮੁੜ ਤਿਆਰ ਕਰਨ ਦਾ ਸਾਰਾ ਖਰਚਾ ਖ਼ੁਦ ਚੁੱਕਣਾ ਚਾਹੀਦਾ ਹੈ: ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ
ਚੰਡੀਗੜ੍ਹ 12 ਅਪ੍ਰੈਲ : ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕੇਂਦਰ ਦੇ ਦਬਾਅ ਅੱਗੇ ਆਤਮ ਸਮਰਪਣ ਕਰਨਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਇਸ ਹਰਕਤ ਨੇ ਆਮ ਆਦਮੀ ਪਾਰਟੀ ਦੀ ਅਯੋਗਤਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਹੁਣ ਆਪਣੀ ਸਿਆਸੀ ਹੋਂਦ ਬਰਕਰਾਰ ਰੱਖਣ ਲਈ ਹਿੱਟ ਐਂਡ ਟਰਾਇਲ ਦਾ ਤਰੀਕਾ ਅਜ਼ਮਾ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਜ਼ਨ 'ਤੇ ਸਵਾਲ ਉਠਾਉਂਦੇ ਹੋਏ ਵੜਿੰਗ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਫੰਡਾਂ ਲਈ ਕੇਂਦਰ ਦੇ ਰਹਿਮੋ-ਕਰਮ 'ਤੇ ਸੀ ਤਾਂ ਉਹਨਾਂ ਨੇ ਸੂਬੇ 'ਚ ਮੌਜੂਦਾ ਸਿਹਤ ਸੰਭਾਲ ਢਾਂਚੇ ਦਾ ਨਾਂ ਬਦਲਣ 'ਚ ਲੋਕਾਂ ਦੇ ਟੈਕਸ ਦਾ ਪੈਸਾ ਬਰਬਾਦ ਕਰਕੇ ਪੰਜਾਬੀਆਂ ਨੂੰ ਧੋਖਾ ਕਿਉਂ ਦਿੱਤਾ? ਆਮ ਆਦਮੀ ਪਾਰਟੀ ਨੇ 'ਆਪ' ਦੇ ਕਲੀਨਿਕਾਂ ਦੀ ਸਫਲਤਾ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰਾਂ ‘ਤੇ ਪੰਜਾਬ ਦੇ ਲੋਕਾਂ ਦਾ ਪੈਸਾ ਕਿਉਂ ਖ਼ਰਚਿਆ ? ਜੇਕਰ ਪਾਰਟੀ ਦੇ ਕੋਲ ਸੋਧਾਂ ਤੋਂ ਪਹਿਲਾਂ ਸਪੱਸ਼ਟ ਰਸਤਾ ਸੀ, ਤਾਂ ਫਿਰ ਕੇਂਦਰ ਦੇ ਦਬਾਅ ਅੱਗੇ ਝੁਕ ਕੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੇ ਤਬਦੀਲੀਆਂ ਕਰਨ ਲਈ ਸਹਿਮਤ ਕਿਉਂ ਹੋਏ? ਇਸ ਤੋਂ ਪਤਾ ਲੱਗਦਾ ਹੈ ਕਿ ‘ਆਪ’ ਆਪਣੇ ਵੱਲੋਂ ਹੀ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ। ਅਰਵਿੰਦਰ ਕੇਜਰੀਵਾਲ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਹੋਇਆਂ ਭਗਵੰਤ ਮਾਨ ਨੇ ਕੇੰਦਰ ਦੀਆਂ ਹਦਾਇਤਾਂ ਨੂੰ ਭੁਲਾ ਕੇ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ‘ਤੇ ਲਾਇਆ। ‘ਦਿੱਲੀ ਮਾਡਲ’ ਤੋਂ ਅੰਨ੍ਹਾ ਹੋਇਆ ਮਾਨ ਸੂਬੇ ਦੀ ਤਰੱਕੀ ਵੱਲ ਧਿਆਨ ਦੇਣਾ ਹੀ ਭੁੱਲ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਦਵਾਈਆਂ, ਮਸ਼ੀਨਰੀ ਜਾਂ ਮੈਨ ਪਾਵਰ ਹੋਣ, 'ਆਪ' ਲੀਡਰਸ਼ਿਪ ਨੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀਆਂ ਸਭ ਜ਼ਰੂਰਤਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਹੈ। ਜਦੋਂ ਕੇਂਦਰ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਲਈ ਫੰਡ ਰੋਕ ਦਿੱਤੇ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਆਪਣੀ ਡੂੰਘੀ ਨੀਂਦ ਵਿੱਚੋਂ ਜਾਗ ਗਈ ਅਤੇ ਰਾਜ ਸਰਕਾਰ ਨੂੰ ਕੇਂਦਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਬਦੀਲੀਆਂ ਕਰਨ ਲਈ ਮਜ਼ਬੂਰ ਹੋਣਾ ਪਿਆ। ਆਮ ਆਦਮੀ ਪਾਰਟੀ ਨੇ ਜਾਣਬੁੱਝ ਕੇ ਹਦਾਇਤਾਂ ਦਾ ਪਾਲਣ ਨਾ ਕਰਕੇ ਆਮ ਲੋਕਾਂ ਦੇ ਜੀਵਨ ‘ਤੇ ਮਾੜਾ ਪ੍ਰਭਾਵ ਪਾਇਆ ਹੈ ਅਤੇ ਇਸੇ ਨਾਲ ਇਨ੍ਹਾਂ ਦਾ ਲੋਕ ਵਿਰੋਧੀ ਚਿਹਰਾ ਵੀ ਨੰਗਾ ਹੋ ਗਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, 'ਆਪ', ਜਿਹੜੀ ਲੋਕਾਂ ਦੇ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਬਾਰੇ ਬੋਲਦੀ ਹੁੰਦੀ ਸੀ ਅੱਜ ਇਹੀ ਪਾਰਟੀ ਲੋਕਾਂ ਦੇ ਪੈਸਿਆਂ ਨੂੰ ਆਪਣੀਆਂ ਮਸ਼ਹੂਰੀਆਂ ਕਰਨ ਲਈ ਵਰਤ ਰਹੀ ਹੈ। ਕਾਂਗਰਸ ਪਾਰਟੀ ਦੇ ਸ਼ਾਸਨ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਮਜ਼ਬੂਤ ਸਿਹਤ ਸੰਭਾਲ ਬੁਨਿਆਦੀ ਢਾਂਚਾ ਸੀ। ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ 'ਤੇ ਜ਼ੋਰ ਦਿੱਤਾ ਸੀ। ਇਹ ਪੰਜਾਬ ਪ੍ਰਤੀ ਦ੍ਰਿੜਤਾ ਤੇ ਸਮਰਪਣ ਨਾਲ ਸੂਬੇ ਦੀ ਤਰੱਕੀ ਪ੍ਰਤੀ ਆਪਣੀ ਵਚਨਬੱਧਤਾ ਨਿਭਾਈ ਤੇ ਪੰਜਾਬ ਵਾਸੀਆਂ ਦੇ ਭਲੇ ਲਈ ਵੱਖ-ਵੱਖ ਸਕੀਮਾਂ ਨੂੰ ਲਾਗੂ ਕੀਤਾ। 'ਆਪ' ਪੰਜਾਬ ਦੀ ਲੀਡਰਸ਼ਿਪ 'ਤੇ ਵਰ੍ਹਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੀਆਂ ਗਲਤੀਆਂ ਦਾ ਭੁਗਤਾਨ ਕਰਨਾ ਪਵੇਗਾ। ਹੁਣ ਇਨ੍ਹਾਂ ਦੀ ਲੀਡਰਸ਼ਿਪ ਨੂੰ ਜਨਤਾ ਦੇ ਪੈਸੇ ਦੀ ਬਰਬਾਦੀ ਜਾਂ ਸਰਕਾਰੀ ਖਜ਼ਾਨੇ 'ਤੇ ਬੋਝ ਪਾਏ ਬਿਨਾਂ ਪਾਰਟੀ ਫੰਡ ਵਿੱਚੋਂ ਹੋਣ ਵਾਲੀਆਂ ਤਬਦੀਲੀਆਂ ਦਾ ਸਾਰਾ ਖਰਚਾ ਚੁੱਕਣਾ ਚਾਹੀਦਾ ਹੈ।