ਏਅਰਪੋਰਟ 'ਤੇ ਹੀ ਹੋਵੇਗਾ ਰੈਪਿਡ PCR ਟੈਸਟ; ਅੱਧੇ ਘੰਟੇ 'ਚ ਮਿਲੇਗੀ ਰਿਪੋਰਟ

ਅੰਮ੍ਰਿਤਸਰ ਤੋਂ ਯੂਨਾਈਟਡ ਅਰਬ ਅਮੀਰਾਤ ਜਾਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ 'ਤੇ ਹੀ ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਰੈਪਿਡ -PCR ਟੈਸਟ ਦੀ ਸਹੂਲਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਵਾਲਿਆਂ ਲਈ ਕੋਰੋਨਾ ਮਹਾਂਮਾਰੀ ਦੀ ਰਿਪੋਰਟ ਜ਼ਰੂਰੀ ਹੈ ਅਤੇ ਇਹ 72 ਘੰਟਿਆਂ ਅੰਦਰ ਯੋਗ ਮੰਨੀ ਜਾਂਦੀ ਹੈ। ਅੰਮ੍ਰਿਤਸਰ ਤੋਂ ਯੂਏਈ ਜਾਣ ਵਾਲੇ ਯਾਤਰੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਇਹ ਟੈਸਟ ਜਹਾਜ਼ ਜਾਣ ਤੋਂ ਪਹਿਲਾਂ ਕਰਵਾਉਣਾ ਜ਼ਰੂਰੀ ਹੋਵੇਗਾ। ਹਵਾਈ ਅੱਡਾ ਅਥਾਰਟੀ ਨੇ ਟੈਸਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਜਾਂਚ ਰਿਪੋਰਟ ਅੱਧੇ ਘੰਟੇ ਵਿੱਚ ਹੀ ਮਿਲ ਜਾਂਦੀ ਹੈ। ਪਹਿਲਾਂ ਯੂਏਈ ਜਾਣ ਵਾਲੇ ਲੋਕਾਂ ਨੂੰ ਉਥੇ ਹਵਾਈ ਅੱਡੇ 'ਤੇ ਪੁੱਜ ਕੇ ਜਾਂਚ ਕਰਵਾਉਣੀ ਪੈਂਦੀ ਸੀ, ਜਿਸ ਦੌਰਾਨ 48 ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ। ਪਰ ਹੁਣ ਯੂਏਈ ਨੇ ਜਹਾਜ਼ ਉਡਣ ਤੋਂ ਪਹਿਲਾਂ ਕਰਵਾਈ ਜਾਣ ਵਾਲੀਆਂ ਜਾਂਚ ਰਿਪੋਰਟਾਂ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਲੋਕ ਜਹਾਜ਼ ਉਡਣ ਤੋਂ ਪਹਿਲਾਂ ਹੀ ਹਵਾਈ ਅੱਡੇ 'ਤੇ ਜਾਂਚ ਕਰਵਾ ਸਕਦੇ ਹਨ। ਦਿੱਲੀ ਵਰਗੇ ਵੱਡੇ ਹਵਾਈ ਅੱਡਿਆਂ 'ਤੇ ਜਿਥੇ ਰੈਪਿਡ-ਪੀਸੀਆਰ ਟੈਸਟ ਲਈ 5 ਹਜ਼ਾਰ ਰੁਪਏ ਵਸੂਲੀ ਕੀਤੀ ਜਾ ਰਹੀ ਹੈ, ਉਥੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਲੋਕਾਂ ਨੂੰ ਇਹ ਸਹੂਲਤ ਘੱਟ ਖਰਚੇ 'ਤੇ ਮੁਹੱਈਆ ਹੈ। ਰਿਪੋਰਟ ਵੀ ਆਰਟੀ-ਪੀਸੀਆਰ ਟੈਸਟ ਮੁਕਾਬਲੇ ਛੇਤੀ ਆਉਂਦੀ ਹੈ। ਇਸ ਦਾ ਖਰਚਾ ਕੁੱਲ 3300 ਰੁਪਏ ਹੈ।