ਗੁਰੂ ਨਾਨਕ ਸਾਹਿਬ ਦੀਆ ਯਾਤਰਾਵਾਂ ( ਉਦਾਸੀਆਂ )

 

ਸਮਾਜਿਕ ਬੁਰਾਈਆਂ ਵਿੱਚ ਗ਼ਲਤਾਨ ਹੋਏ ਸੰਸਾਰ ਵਿੱਚੋਂ ਲੋਕਾਈ ਨੂੰ ਮੁਕਤ ਕਰਨ ਦੇ ਮਨੋਰਥ ਹਿੱਤ ਗੁਰੂ ਸਾਹਿਬ ਨੇ 38 ਹਜ਼ਾਰ ਮੀਲ ਦਾ ਲੰਮਾ  ਪੈਦਲ ਪੈਂਡਾ ਤੈਅ ਕਰਕੇ ਆਪਣੇ ਜੀਵਨ ਦਾ ਜਿਆਦਾ ਸਮਾਂ ਯਾਤਰਾਵਾਂ ਵਿੱਚ ਗੁਜ਼ਾਰਿਆ । ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਤਕਰੀਬਨ ਇੱਕ ਦਰਜਨ ਦੇਸਾਂ ਦੇ 248 ਪ੍ਰਮੁੱਖ ਨਗਰਾਂ ਦੀ ਯਾਤਰਾ ਕਰਕੇ ਸਰਬੱਤ ਦੇ ਭਲੇ ਲਈ ਇੱਕ ਬਹੁਤ ਹੀ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਿਆ । ਗੁਰੂ ਸਾਹਿਬ ਨੇ ਪਹਿਲੀ ਉਦਾਸੀ ਵਿੱਚ 79 , ਦੂਜੀ ਵਿੱਚ 75 , ਤੀਜੀ ਵਿੱਚ 35 ਅਤੇ ਚੌਥੀ ਵਿੱਚ 59 ਸਥਾਨਾਂ ਦੀ ਯਾਤਰਾ ਕਰਕੇ ਪੂਰੇ ਵਿਸ਼ਵ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ।  ਇਤਿਹਾਸਕ ਪੱਖ ਤੋਂ ਵਰਤਮਾਨ ਬਿਰਤਾਂਤ ਇਹ ਸਪਸ਼ਟ ਕਰਦੇ ਹਨ ਕਿ ਉਹਨਾਂ ਨੇ 14 ਸਾਲਾਂ ਦੀ ਉਮਰ ਵਿੱਚ 1496 ਈਸਵੀ ਤੋਂ ਹੀ ਆਪਣੀਆਂ ਸੰਸਾਰਿਕ ਯਾਤਰਾਵਾਂ ਆਰੰਭ ਕਰ ਦਿੱਤੀਆਂ ਸਨ । ਉਹਨਾਂ ਨੇ ਤਿੱਬਤ ਅਤੇ ਪੂਰੇ ਦੱਖਣ ਏਸ਼ੀਆ ਸਮੇਤ ਤਕਰੀਬਨ ਸਾਰੇ ਅਰਬ ਦੇਸਾਂ ਦੀ ਪੈਦਲ ਯਾਤਰਾ ਕੀਤੀ । ਉਹਨਾਂ ਆਪਣੇ ਪਰਿਵਾਰ ਕੋਲੋਂ ਤਕਰੀਬਨ 30 ਸਾਲ ਦੂਰ ਰਹਿਕੇ ਸੰਸਾਰ ਦਾ ਭ੍ਰਮਣ ਕੀਤਾ । ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਮੁਲਤਾਨ, ਬਗਦਾਦ, ਮੱਕਾ ਅਤੇ ਅਚੱਲ ਬਹਾਲ਼ਾਂ ਦੀਆਂ ਵੀ ਯਾਤਰਾਵਾਂ ਕੀਤੀਆਂ । ਇਹਨਾਂ ਯਾਤਰਾਵਾਂ ਸਮੇ ਨਾਨਕ ਸਾਹਿਬ ਨੇ ਕਈ ਧਾਰਮਿਕ ਸਮੂਹਾਂ ਦੇ ਲੋਕਾਂ ਨਾਲ ਧਾਰਮਿਕ ਵਿਚਾਰ ਗੋਸ਼ਟੀਆਂ ਵੀ ਕੀਤੀਆਂ । ਸੰਨ 1508 ਈਸਵੀ ਵਿੱਚ ਗੁਰੂ ਜੀ ਨੇ ਬੰਗਾਲ ਦੇ ਸਿਲਹਟ ਇਲਾਕੇ ਦਾ ਦੌਰਾ ਕੀਤਾ । ਉਹਨਾਂ ਦੀਆ ਯਾਤਰਾਵਾਂ ਵਾਰੇ ਤੁਰਕੀ ਲਿੱਪੀ ਵਿੱਚ ਬਗਦਾਦ ਦੇ ਪੱਥਰ ਦੇ ਸਿਲਾਲੇਖ ਵਾਰੇ ਵੱਖ – ਵੱਖ ਖੋਜਕਰਤਾਵਾਂ ਦੀ ਆਪਣੀ – ਆਪਣੀ ਵੱਖੋ -ਵੱਖਰੀ ਰਾਏ ਹੈ । ਕਈਆਂ ਅਨੁਸਾਰ ਬਾਬਾ ਨਾਨਕ 1511 -1515 ਤੱਕ ਇਥੇ ਮੌਜੂਦ ਸੀ ਅਤੇ ਕਈ ਲਿਖਦੇ ਹਨ ਕਿ ਉਹ 1521 – 1522 ਵਿੱਚ ਉਹ ਇੱਥੇ ਰਹੇ ਹਨ । ਇਸੇ ਤਰਾਂ ਹੀ ਗੁਰੂ ਸਾਹਿਬ ਦੀਆਂ ਮੱਧ ਪੂਰਬ ਦੀਆ ਯਾਤਰਾਵਾਂ ਸੰਬੰਧੀ ਵੀ ਕੋਈ ਪ੍ਰਮਾਣ ਜਾਂ ਸਬੂਤ ਨਹੀਂ ਮਿਲਦਾ ਹੈ । ਗੁਰੂ ਜੀ ਦੀ ਬਗਦਾਦ ਦੀ ਯਾਤਰਾ ਨੂੰ ਭਾਰਤੀ ਵਿਦਵਾਨ ਬਗਦਾਦ ਦਾ ਸਿਲਾਲੇਖ ਲਿਖਣ ਦਾ ਆਧਾਰ ਮੰਨਦੇ ਹਨ । ਕਈ ਜਗ੍ਹਾ ਵਿਦਵਾਨਾਂ ਦੇ ਦਾਅਵਿਆਂ ਅਨੁਸਾਰ ਗੁਰੂ ਜੀ ਯਰੂਸ਼ਲਮ, ਮੱਕਾ, ਵੈਟੀਕਨ, ਅਜਰਬਾਈਜਾਨ ਅਤੇ ਸੁਡਾਨ ਗਏ ਸਨ ।

ਗੁਰੂ ਸਾਹਿਬ ਵੱਲੋਂ ਕੀਤੀਆਂ ਗਈਆਂ ਚਾਰ ਯਾਤਰਾਵਾਂ ਚਾਰ ਉਦਾਸੀਆ ਦੇ ਨਾਂ ਨਾਲ ਵਿਸ਼ਵ ਪ੍ਰਸਿੱਧ ਹਨ । ਇਹਨਾਂ ਚਾਰ ਉਦਾਸੀਆਂ ਸਮੇ ਉਹ ਅਨੇਕਾਂ ਵੱਖ – ਵੱਖ ਧਾਰਮਿਕ ਮੱਤਾਂ ਨਾਲ ਸੰਬੰਧ ਰੱਖਣ ਵਾਲੇ ਅਨੁਯਾਈਆਂ ਨੂੰ ਮਿਲੇ । ਇਸ ਸਮੇ ਉਹਨਾਂ ਦੀ ਕਈ ਧਾਰਮਿਕ ਕੱਟੜ ਪੰਥੀਆਂ ਨਾਲ ਬਹਿਸ ਵੀ ਹੋਈ । ਪਰ ਆਪ ਨੇ ਸਭ ਨੂੰ ਸਮੁੱਚੀ ਮਾਨਵਤਾ ਦੀ ਸੇਵਾ ਭਾਵਨਾ ਨਾਲ ਭਲਾਈ ਕਰਨ ਦਾ ਉਪਦੇਸ਼ ਦਿੱਤਾ । ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਨਸਾਨ ਨੂੰ ਘਰ – ਗ੍ਰਹਿਸਥੀ ਵਿੱਚ ਰਹਿਕੇ ਪ੍ਰਭੂ ਸਿਮਰਨ ਕਰਦਿਆਂ ਹੀ ਸਤਿ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ । ਇਸ ਤਰਾਂ ਉਪਦੇਸ਼ ਦਿੰਦੇ ਹੋਏ ਗੁਰੂ ਜੀ ਸਿੱਕਮ, ਤਿੱਬਤ, ਭੂਟਾਨ, ਸੁਮੇਰ ਪਰਬਤ, ਮਾਨਸਰੋਵਰ ਝੀਲ, ਬਦਰੀਨਾਥ, ਕੇਦਾਰਨਾਥ, ਜੋਸੀਮੱਠ, ਲਦਾਖ਼, ਅਮਰਨਾਥ, ਬਾਗੇਸ਼ਵਰ, ਅਲਮੋੜਾ, ਕਾਠਮਾਂਡੂ ਆਦਿ ਸਥਾਨਾਂ ਤੇ ਗਏ ਅਤੇ ਇੱਥੇ ਅੱਜ ਵੀ ਗੁਰੂ ਸਾਹਿਬ ਦੇ ਪਦ ਚਿੰਨ੍ਹਾਂ ਦੇ ਨਿਸ਼ਾਨ ਮੌਜੂਦ ਹਨ । ਗੁਰੂ ਸਾਹਿਬ ਨੇ ਸਭ ਤੋਂ ਲੰਬੀ ਪਹਿਲੀ ਉਦਾਸੀ ਸੰਨ 1509 ਈਸਵੀ ਵਿੱਚ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਜਿਸ ਰਾਹੀਂ ਉਹ ਉੱਤਰ ਪ੍ਰਦੇਸ਼ ਵਿੱਚ ਨਾਨਕਮੱਤੇ ਤੋਂ ਪੀਲੀਭੀਤ , ਸੀਤਾਪੁਰ , ਅਲਾਹਾਬਾਦ , ਲਖਨਊ , ਸੁਲਤਾਨਪੁਰ , ਪੱਟਨਾ , ਬਨਾਰਸ , ਸਿਲਹਟ , ਧਰੁਬੜੀ , ਸਿਲਾਂਗ ਅਤੇ ਗੁਹਾਟੀ ਜਾਂਦੇ ਹੋਏ ਢਾਕਾ ਅਤੇ ਕਲਕੱਤਾ ਹੁੰਦੇ ਹੋਏ ਜਗਨਨਾਥਪੁਰੀ ਗਏ । ਗੁਰੂ ਸਾਹਿਬ ਅੱਗੇ ਜਗਨਨਾਥਪੁਰੀ ਤੋਂ ਸਮੁੰਦਰੀ ਤੱਟ ਦੇ ਨਾਲ – ਨਾਲ ਪੈਦਲ ਪੈਂਡਾ ਤੈਅ ਕਰਦੇ ਹੋਏ ਗੰਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕਰਦੇ ਹੋਏ ਲੰਕਾ ਵਿੱਚੋਂ ਹੋ ਕੇ ਜਾਫਨਾ ਪੱਜੇ , ਜਿੱਥੇ ਉਹਨਾਂ ਰਾਣਾ ਸਿਵਨਾਥ ਨੂੰ ਸਿੱਖੀ ਬਖਸ਼ੀ । ਇਸ ਉਪਰੰਤ ਗੁਰੂ ਜੀ ਕੋਚੀਨ ਘੁੰਮਣ ਮਗਰੋਂ ਆਂਧਰਾ ਪ੍ਰਦੇਸ਼ ਦੀ ਯਾਤਰਾ ਲਈ ਨਿਕਲ ਗਏ । ਆਂਧਰਾ ਪ੍ਰਦੇਸ਼ ਦੀ ਯਾਤਰਾ ਪੂਰੀ ਕਰਕੇ ਉਹ ਨਾਨਕਝੀਰਾ, ਮਾਲਟੇਕਰੀ, ਨੰਦੇੜ, ਭਗਤ ਨਾਮਦੇਵ ਜੀ ਦੇ ਨਗਰ ਬਰਸੀ ਬਾਲਣੀ, ਭਗਤ ਤ੍ਰਿਲੋਚਨ ਜੀ ਦੇ ਨਗਰ ਵਾਰਸੀ ਗਏ । ਇੱਥੋਂ ਉਹ ਕਰਮਕਾਂਡਾਂ ਵਿੱਚ ਫਸੇ ਹੋਏ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਦੇ ਹੋਏ ਇੰਦੌਰ , ਖਿੰਡਵਾ ਤੋਂ ਨਰਮਦਾ ਨਦੀ ਦੇ ਨਾਲ – ਨਾਲ ਚੱਲਦੇ ਹੋਏ ਜੱਬਲਪੁਰ ਦੇ ਸ਼ਹਿਰ ਗਵਾਰੀਘਾਟ ਪੁੱਜ ਗਏ । ਇੱਥੇ ਨਰਮਦਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦੀ ਯਾਦਗਾਰ ਸ਼ਸੋਭਿਤ ਹੈ । ਇੱਥੇ ਹੀ ਨਰਮਦਾ ਨਦੀ ਨਿਕਲਣ ਵਾਲੇ ਸਥਾਨ ਅਪਰਕੰਟਕ ਵਿਖੇ ਵੀ ਨਾਨਕ ਸਾਹਿਬ ਦੀ ਯਾਦਗਾਰ ਸਥਾਪਿਤ ਹੈ ।