ਗੁਰੂ ਹਰਿਗੋਬਿੰਦ ਜੀ

 

ਨਾਮ

ਹਰਿਗੋਬਿੰਦ, ਛੇਵੇਂ ਗੁਰੂਮੀਰੀ ਪੀਰੀ ਦੇ ਪਾਤਿਸ਼ਾਹ

ਜਨਮ ਮਿਤੀ 

5 ਜੁਲਾਈ 1595 ਈਸਵੀ

ਜਨਮ ਸਥਾਨ     

ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ

ਮਾਤਾ ਦਾ ਨਾਮ   

ਮਾਤਾ ਗੰਗਾ ਜੀ ।

ਪਿਤਾ ਦਾ ਨਾਮ

ਗੁਰੂ ਅਰਜਣ ਦੇਵ ਜੀ

ਪਤਨੀ ਦਾ ਨਾਮ 

ਮਾਤਾ ਦਮੋਦਰੀ ਜੀ ।  ਮਾਤਾ  ਨਾਨਕੀ ਜੀ । ਮਾਤਾ ਮਹਾ ਦੇਵੀ ਜੀ ।

ਪੁੱਤਰ ਦਾ ਨਾਂ

ਗੁਰਦਿੱਤਾ, ਸੂਰਜਮੱਲ, ਅਨੀ ਰਾਇਅੱਟਲ ਰਾਇ, ਤੇਗ ਬਹਾਦਰ

ਪੁੱਤਰੀ ਦਾ ਨਾਮ

ਬੀਬੀ ਵੀਰੋ ਜੀ ।

ਜੋਤੀ ਜੋਤਿ

19 ਮਾਰਚ 1644


  ਮੁੱਢਲਾ ਜੀਵਨ :
ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪਿਤਾ ਗੁਰੂ ਅਰਜਣ ਦੇਵ ਜੀ ਦੇ ਘਰ ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ ਵਿੱਚ ਮਾਤਾ ਗੰਗਾ ਜੀ ਦੀ ਕੁੱਖ ਤੋਂ (19 ਜੂਨ 1595 ਈਸਵੀ ( ਹਾੜ੍ਹ ਵਦੀ 7, 21 ਹਾੜ੍ਹ ਸੰਮਤ 1652 ਬਿਕ੍ਰਮੀ ਨੂੰ ਹੋਇਆ । ਪਿੰਡ ਗੁਰੂ ਕੀ ਵਡਾਲੀ ਆਪ ਜੀ ਦਾ ਜਨਮ ਸਥਾਨ ਹੋਣ ਕਰਕੇ ਹੀ ਗੁਰੂ ਕੀ ਵਡਾਲੀ ਦੇ ਨਾਮ ਨਾਲ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਹੈ । ਗੁਰੂ ਜੀ ਨੂੰ ਆਪਣੀ ਬਾਲ ਅਵਸਥਾ ਵਿੱਚ ਬੜੇ ਦੁੱਖ ਅਤੇ ਕਸ਼ਟ ਝੱਲਣੇ ਪਏ । ਪਿਰਥੀਚੰਦ ਆਪਣੇ ਪਿਤਾ ਗੁਰੂ ਅਮਰਦਾਸ ਦੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਤੋਂ ਹੀ ਗੁਰਗੱਦੀ ਦੀ ਲਾਲਸਾ ਪਾਲ ਰਿਹਾ ਸੀ । ਪਰ ਸਿੱਖੀ ਸਿਧਾਂਤਾਂ ਦੀ ਕਸੌਟੀ ਉੱਤੇ ਪੂਰਾ ਨਾ ਉੱਤਰ ਸਕਣ ਕਾਰਨ ਪਿਤਾ ਵੱਲੋਂ ਗੁਰਗੱਦੀ ਆਪਣੇ ਛੋਟੇ ਪੁੱਤਰ ਅਰਜਣ ਦੇਵ ਨੂੰ ਸੌਂਪ ਦਿੱਤੀ ਗਈ । ਆਪ ਜੀ ਦੇ ਜਨਮ ਹੋਣ ਤੇ ਆਪ ਦਾ ਤਾਇਆ ਪਿਰਥੀਚੰਦ ਅਤੇ ਤਾਈ ਬੀਬੀ ਕਰਮੋ ਹੋਰ ਵੱਧ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਏ ਸਨ, ਉਹ ਅਗਲੀ ਗੁਰਗੱਦੀ ਦਾ ਵਾਰਿਸ ਆਪਣੇ ਪੁੱਤਰ ਮਿਹਰਬਾਨ ਨੂੰ ਦੇਖਣਾ ਚਾਹੁੰਦੇ ਸਨ । ਪਿਰਥੀਚੰਦ ਅਤੇ ਉਸਦੀ ਪਤਨੀ ਦੋਵੇਂ ਹੀ ਆਪਣੇ ਪੁੱਤਰ ਮਿਹਰਬਾਨ ਦੀ ਗੁਰਗੱਦੀ ਦੇ ਲਾਲਚ ਵਿੱਚ ਇੰਨੇ ਕੁ ਜਿਆਦਾ ਈਰਖਾਲੂ ਅਤੇ ਅੰਨ੍ਹੇ ਹੋ ਗਏ ਸਨ ਕਿ ਗੁਰੂ ਸਾਹਿਬ ਨੂੰ ਮਾਰਨ-ਮਰਵਾਉਣ ਤੱਕ ਜਾ ਪੁੱਜੇ । ਦੋਵਾਂ ਪਤੀ-ਪਤਨੀ ਨੇ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਮਿਹਰਬਾਨ ਦੇ ਰਸਤੇ ਵਿੱਚੋਂ ਹਟਾਉਣ ਲਈ ਵਾਰ-ਵਾਰ ਹੋਰਾਂ ਨੂੰ ਲਾਲਚ ਦੇ ਕੇ ਯਤਨ ਕੀਤੇ । ਪਰ ਉਹ ਹਰ ਵਾਰ ਆਪਣੀਆਂ ਕਾਇਰਾਨਾ ਚਾਲਾਂ ਵਿੱਚੋਂ ਅਸਫਲ ਹੀ ਰਹੇ
ਕਹਿੰਦੇ ਹਨ ਕਿ ਪਹਿਲੀ ਵਾਰ ਉਹਨਾਂ ਨੇ ਬਾਲ ਗੁਰੂ ਦੀ ਦਾਈਖਿਡਾਵੀ ਨੂੰ ਲਾਲਚ ਵਿੱਚ ਲਿਆ ਕੇ ਉਸਤੋਂ ਦੁੱਧੀਆਂ ਨੂੰ ਜ਼ਹਿਰ ਲਾ ਕੇ ਗੁਰੂ ਸਾਹਿਬ ਨੂੰ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੁਰੂ ਜੀ ਨੇ ਦਾਈ ਦੀਆਂ ਦੁੱਧੀਆਂ ਵੱਲ ਮੂੰਹ ਤੱਕ ਨਹੀਂ ਘੁਮਾਇਆ।
ਸਗੋਂ ਦਾਈ ਖ਼ੁਦ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ । ਦੂਸਰੀ ਵਾਰ ਉਹਨਾਂ ਕਿਸੇ ਸਪੇਰੇ ਰਾਹੀਂ ਗੁਰੂ ਜੀ ਦੇ ਕਮਰੇ ਵਿੱਚ ਬਹੁਤ ਹੀ ਜਹਿਰੀਲਾ ਸੱਪ ਛੁਡਵਾ ਦਿੱਤਾ । ਪ੍ਰੰਤੂ ਐਨ ਮੌਕੇ ਉੱਤੇ ਹੀ ਸੱਪ ਉੱਥੇ ਮੌਜੂਦ ਸੇਵਦਾਰਾਂ ਦੇ ਨਜ਼ਰੀਂ ਚੜ੍ਹ ਗਿਆ ਅਤੇ ਗੁਰੂ ਜੀ ਫਿਰ ਬਚ ਗਏ । ਤੀਸਰੀ ਵਾਰੀ ੳਹਨਾਂ ਫੇਰ ਤੋਂ ਗੁਰੂ ਸਾਹਿਬ ਨੂੰ ਮਾਰਨ ਦੀ ਘਾੜਤ ਘੜੀ । ਉਹਨਾਂ ਇਸ ਵਾਰ ਬਾਲ ਗੁਰੂ ਜੀ ਦੇ ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਆਪਣੇ ਵੱਲ ਦਾ ਕਰ ਲਿਆ ।
ਬ੍ਰਾਹਮਣ ਨੇ ਗੁਰੂ ਸਾਹਿਬ ਨੂੰ ਜਹਿਰ ਮਿਲਿਆ ਦਹੀਂ ਪਿਲਾ ਕੇ ਮਾਰਨ ਦਾ ਯਤਨ ਕਰਨਾ ਚਾਹਿਆ । ਪਰ ਜਿਸਕੋ ਰਾਖੇ ਸਾਂਈਆ, ਮਾਰ ਸਕੈ ਨਾ ਕੋਇ ਦੇ ਕਥਨ ਅਨੁਸਾਰ ਦਹੀਂ ਪਿਆਉਣ ਸਮੇ ਫਿਰ ਗੁਰੂ ਜੀ ਅਚਾਨਕ ਰੋਣ ਲੱਗ ਪਏ । ਬ੍ਰਾਹਮਣ ਦੇ ਬਹੁਤ ਯਤਨ ਕਰਨ ਤੇ ਵੀ ਗੁਰੂ ਜੀ ਨੇ ਦਹੀਂ ਨਾ ਪੀਤਾ ਅਤੇ ਪਿਤਾ ਅਰਜਣ ਦੇਵ ਜੀ ਨੇ ਦਹੀਂ ਕੁੱਤੇ ਨੂੰ ਪਾ ਦਿੱਤਾ । ਕੁੱਤਾ ਜ਼ਹਿਰ ਮਿਲਿਆ ਦਹੀਂ ਪੀ ਕੇ ਤੜਪਣ ਲੱਗਾ ਅਤੇ ਕੁੱਝ ਸਮੇ ਬਾਦ ਹੀ ਉਸਦੀ ਮੌਤ ਹੋ ਗਈ । ਬ੍ਰਾਹਮਣ ਸਮਝ ਗਿਆ ਸੀ ਕਿ ਹੁਣ ਗੁਰੂ ਅਰਜਣ ਦੇਵ ਜੀ ਸਭ ਜਾਣ ਗਏ ਹਨ ਅਤੇ ਉਸਨੇ ਡਰਦੇ ਮਾਰਿਆਂ ਬਾਲ ਗੁਰੂ ਦੇ ਪਿਤਾ ਜੀ ਨੂੰ ਸਭ ਕੁੱਝ ਸੱਚ-ਸੱਚ ਦੱਸ ਦਿੱਤਾ । ਪਿਰਥੀਚੰਦ ਦੀ ਇਸ ਘਿਨਾਉਣੀ ਹਰਕਤ ਦੀ ਗੱਲ ਇਲਾਕੇ ਵਿੱਚ ਜੰਗਲ਼ ਦੀ ਅੱਗ ਵਾਂਗ ਫੈਲ ਗਈ ਅਤੇ ਹਰ ਕੋਈ ਉਸਨੂੰ ਲਾਹਨਤਾਂ ਪਾਉਣ ਲੱਗਾ । ਇਸ ਪਿੱਛੋਂ ਉਹ ਪੂਰੇ ਸ਼ਹਿਰ ਵਿੱਚ ਬਦਨਾਮ ਹੋ ਗਿਆ । ਦੂਸਰੇ ਦਿਨ ਗੁਰੂ ਸਾਹਿਬ ਦਾ ਖਿਡਾਵਾ ਬ੍ਰਾਹਮਣ ਵੀ ਅਚਾਨਕ ਸੂਲਾਂ ਅਰਥਾਤ ਦਰਦਾਂ ਪੈਣ ਕਰਕੇ ਮਰ ਗਿਆ-
                                                                    “ ਲੇਪੁ ਨਾ ਲਾਗੋ, ਤਿਲ ਕਾ ਮੂਲਿ ।।
                                                           ਦੁਸਟੁ ਬ੍ਰਾਹਮਣੁ ਮੂਆ, ਹੋਇ ਕੈ ਸੂਲਿ ।।
ਉਸ ਵੇਲੇ ਪਿਤਾ ਗੁਰੂ ਅਰਜਣ ਦੇਵ ਜੀ ਨੇ ਆਪਣੇ ਪੁੱਤਰ ਬਾਲ ਗੁਰੂ ਹਰਿਗੋਬਿੰਦ ਦੀ ਤੰਦਰੁਸਤੀ ਲਈ ਪ੍ਰਮਾਤਮਾ ਨੂੰ ਸ਼ਕਰਾਨਾ ਕਰਦਿਆਂ ਉਪਰੋਕਤ ਦਾ ਉਚਾਰਨ ਕੀਤਾ । ਬਾਲ ਗੁਰੂ ਦੀਆਂ ਮੁਸੀਬਤਾਂ ਦਾ ਇੱਥੇ ਹੀ ਅੰਤ ਨਹੀਂ ਹੋਇਆ ਇੱਕ ਵਾਰ ਆਪ ਜੀ ਨੂੰ ਬੜੀ ਖ਼ਤਰਨਾਕ ਚੇਚਕ ਦੀ ਬੀਮਾਰੀ ਨੇ ਘੇਰ ਲਿਆ । ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਉਹ ਫਿਰ ਬਹੁਤ ਛੇਤੀ ਹੀ ਸਿਹਤਯਾਬ ਹੋ ਗਏ । ਪੁੱਤਰ ਦੇ ਤੰਦਰੁਸਤ ਹੋਣ ਤੇ ਪਿਤਾ ਗੁਰੂ ਅਰਜਣ ਦੇਵ ਜੀ ਨੇ ਪ੍ਰਭੂ ਦੀ ਉਸਤਤ ਵਿੱਚ ਫਿਰ ਆਪਣੇ ਮੁੱਖੋਂ ਉਚਾਰਣ ਕੀਤਾ-
                                                                   “ ਸੀਤਲਾ ਤੇ ਰਖਿਆ ਬਿਹਾਰੀ ।।
                                                             ਪਾਰਬ੍ਰਹਮ ਪ੍ਰਭ ਕ੍ਰਿਪਾ ਧਾਰੀ ।।
ਇਸ ਤਰਾਂ ਗੁਰੂ ਸਾਹਿਬ ਦਾ ਸਮੁੱਚਾ ਬਾਲ ਜੀਵਨ ਕਸ਼ਟਮਈ ਅਤੇ ਮੁਸੀਬਤਾਂ ਭਰਿਆ ਹੀ ਰਿਹਾ ।
                                                          ਗੁਰੂ ਹਰਿਗੋਬਿੰਦ ਜੀ ਦੀ ਗੁਰਿਆਈ :

ਚੰਦੂ ਸਮੇਤ ਸਾਰੇ ਵਿਰੋਧੀ ਗੁਰੂ ਅਰਜਣ ਦੇਵ ਜੀ ਵਿਰੁੱਧ ਇਕੱਠੇ ਹੋ ਕੇ ਬਾਦਸ਼ਾਹ ਜਹਾਂਗੀਰ ਦੇ ਗੁਰੂ ਜੀ ਵਿਰੁੱਧ ਕੰਨ ਭਰਨ ਲੱਗ ਪਏ। ਜਹਾਂਗੀਰ ਪਹਿਲਾਂ ਹੀ ਗੁਰੂ ਅਰਜਣ ਦੇਵ ਦੇ ਸਿੱਖ ਧਰਮ ਲਈ ਪ੍ਰਚਾਰ ਤੋਂ ਪੂਰੀ ਤਰਾਂ ਖਫਾ ਸੀ । ਕਿਉਂਕਿ ਜਹਾਂਗੀਰ ਨਹੀਂ ਚਹੁੰਦਾ ਸੀ ਕਿ ਉਸਦੇ ਰਹਿੰਦਿਆਂ ਮੁਸਲਿਮ ਧਰਮ ਤੋਂ ਬਿਨਾ ਕਿਸੇ ਹੋਰ ਦੂਸਰੇ ਧਰਮ ਦਾ ਬੋਲਬਾਲਾ ਹੋਵੇ । ਇਸ ਪ੍ਰਕਾਰ ਗੁਰੂ ਸਾਹਿਬ ਵਿਰੁੱਧ ਈਰਖਾ ਅਤੇ ਵੈਰ ਦੀ ਭਾਵਨਾ ਰੱਖਦਿਆਂ ਜਹਾਂਗੀਰ ਨੇ ਗੁਰੂ ਅਰਜਣ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਗੁਰੂ ਅਰਜਣ ਦੇਵ ਜੀ ਜਹਾਂਗੀਰ ਦੇ ਇਸ ਫ਼ੈਸਲੇ ਸਬੰਧੀ ਅਤੇ ਆਪਣੇ ਨਾਲ ਸਭ ਕੁਝ ਵਾਪਰਨ ਸਬੰਧੀ ਪਹਿਲਾਂ ਹੀ ਜਾਣੂ ਸਨ । ਹਾਲਾਤਾਂ ਨੂੰ ਸਮਝਦੇ ਹੋਏ ਉਹਨਾਂ ਬਾਲ ਗੁਰੂ ਹਰਿਗੋਬਿੰਦ ਜੀ ਨੂੰ ਵਿੱਦਿਆ ਅਤੇ ਯੁੱਧ ਕਲਾ ਵਿੱਚ ਪਰਪੱਕ ਅਤੇ ਨਿਪੁੰਨ ਕਰਨ ਲਈ 1603 ਈਸਵੀ ਵਿੱਚ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ । ਉਨ੍ਹਾਂ ਲਾਹੌਰ ਕੂਚ ਕਰਨ ਤੋਂ ਪਹਿਲਾਂ-ਪਹਿਲਾਂ ਆਪਣੇ ਕੇਵਲ 11 ਕੁ ਸਾਲਾਂ ਦੇ ਬਾਲ ਪੁੱਤਰ ਹਰਿਗੋਬਿੰਦ ਨੂੰ (25 ਮਈ 1606 ਈਸਵੀ ( ਜੇਠ ਵਦੀ 14, 28 ਜੇਠ ਸੰਮਤ 1663 ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੀ ਹਾਜ਼ਰੀ ਵਿੱਚ ਗੁਰਗੱਦੀ ਤੇ ਬਿਠਾ ਕੇ ਗੁਰਿਆਈ ਸੌਂਪ ਦਿੱਤੀ । ਇਸ ਮੌਕੇ ਗੁਰੂ ਅਰਜਣ ਦੇਵ ਜੀ ਨੇ ਸਮੂਹ ਸਿੱਖ ਸੰਗਤ ਨੂੰ ਬਦਲਦੇ ਹਾਲਾਤਾਂ ਅਨੁਸਾਰ ਬੇਖੌਫ ਨਿੱਡਰ ਹੋ ਕੇ ਜਬਰ ਅਤੇ ਜ਼ੁਲਮ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ । ਇਸ ਸਮੇ ਗੁਰਿਆਈ ਦੀ ਰਸਮ ਸਮੇ ਚੱਲੀ ਆਉਂਦੀ ਪੁਰਾਤਨ ਪਰੰਪਰਾ ਨੂੰ ਬਦਲਦਿਆਂ ਬਾਬਾ ਬੁੱਢਾ ਜੀ ਨੇ ਸੇਲੀ ਟੋਪੀ ਸਜਾਉਣ ਦੀ ਰੀਤ ਦੀ ਬਜਾਏ ਬਾਲ ਹਰਿਗੋਬਿੰਦ ਦੇ ਸੀਸ ਉੱਤੇ ਕਲਗੀ ਸਜਾਈ ਅਤੇ ਦੋ ਤਲਵਾਰਾਂ ਪਹਿਨਾਈਆਂ । ਇਨ੍ਹਾਂ ਵਿੱਚੋਂ ਇੱਕ ਤਲਵਾਰ ਮੀਰੀ ਦੀ ਅਤੇ ਦੂਸਰੀ ਤਲਵਾਰ ਪੀਰੀ ਦੀ ਸੀ । ਇਸ ਪ੍ਰਕਾਰ ਗੁਰੂ ਹਰਿਗੋਬਿੰਦ ਜੀ ਨਾਨਕ ਸਾਹਿਬ ਦੀ ਗੱਦੀ ਦੇ ਪਹਿਲੇ ਸਾਸ਼ਤਰਧਾਰੀ ਗੁਰੂ ਬਣੇ । ਗੁਰੂ ਹਰਿਗੋਬਿੰਦ ਜੀ ਨੇ ਗੁਰ-ਗੱਦੀ ਤੇ ਬਿਰਾਜਮਾਨ ਹੁੰਦਿਆਂ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਲਈ ਮਸੰਦਾਂ ਰਾਹੀਂ ਹੁਕਮਨਾਮੇ ਭੇਜ ਦਿੱਤੇ । ਉਨ੍ਹਾਂ ਸਮੂਹ ਸੰਗਤ ਨੂੰ ਸ਼ਸਤਰਾਂ ਦੀ ਸਿਖਲਾਈ ਲੈ ਕੇ ਸ਼ਸਤਰਧਾਰੀ ਬਣਨ ਅਤੇ ਚੰਗੇ ਘੋੜਸਵਾਰ ਬਣਨ ਲਈ ਪ੍ਰੇਰਿਤ ਕੀਤਾ । ਉਹਨਾਂ ਦੇ ਪਿਤਾ ਦੀ ਸ਼ਹਾਦਤ ਨੇ ਸਾਰੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਜੋਸ਼ ਅਤੇ ਬੀਰ-ਰਸ ਕੁੱਟ-ਕੁੱਟ ਕੇ ਭਰ ਦਿੱਤਾ । ਇਸ ਤਰਾਂ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਸਿੰਘਾਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸੂਰਬੀਰ ਯੋਧਿਆਂ ਦਾ ਸਰੂਪ ਬਖ਼ਸ਼ ਦਿੱਤਾ ।

                                                    ਗੁਰੂ ਹਰਿਗੋਬਿੰਦ ਜੀ ਦੀ ਸ਼ਾਦੀ ਅਤੇ ਔਲਾਦ :
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ 1604 ਈਸਵੀ ਨੂੰ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾ ਦੇਵੀ ਜੀ ਨਾਲ ਹੋਇਆ । ਗੁਰੂ ਜੀ ਦੇ ਘਰ ਪੰਜ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ । ਆਪ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ 15 ਸੰਮਤ 1670 ਬਿਕ੍ਰਮੀ ( 1613 . ) ਨੂੰ ਮਾਸੀ ਦੇ ਪਿੰਡ ਡਰੋਲੀ ਜਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ । ਆਪ ਧਾਰਮਿਕ ਵਿੱਦਿਆ ਅਤੇ ਸਸ਼ਤਰ ਵਿੱਦਿਆ ਦੇ ਉੱਚਕੋਟੀ ਦੇ ਮਾਹਿਰ ਸਨ । ਆਪ ਗੁਰੂ ਪਿਤਾ ਦੇ ਹੁਕਮਾਂ ਤਹਿਤ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਨੂੰ ਸਮਰਪਿਤ ਸਨ । ਆਪ ਦੀ ਸ਼ਾਦੀ 21 ਵੈਸਾਖ ਸੰਮਤ 1681 ਨੂੰ ਬੀਬੀ ਅਨੰਤੀ ਜੀ ਨਾਲ ਹੋਈ ਜਿੰਨ੍ਹਾਂ ਦੇ ਘਰ ਦੋ ਪੁੱਤਰਾਂ ਧੀਰ ਰਾਏ ਅਤੇ ਗੁਰੂ ਹਰਿ ਰਾਏ ਜੀ ਨੇ ਜਨਮ ਲਿਆ । ਆਪ ਚੇਤ ਸੁਦੀ 10 ਸੰਮਤ 1695 ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰਾਣ ਤਿਆਗ ਗਏ।
ਆਪ ਜੀ ਦੇ ਘਰ ਬੀਬੀ ਵੀਰੋ ਜੀ ਦਾ ਜਨਮ ਸੰਮਤ 1672 ( 1615 . ) ਨੂੰ ਅੰਮ੍ਰਿਤਸਰ ਵਿਖੇ ਹੋਇਆ । ਆਪ ਦੀ ਸ਼ਾਦੀ ਭਾਈ ਸਾਧੂ ਨਾਲ 26 ਜੇਠ ਸੰਮਤ 1686 ( ਸੰਨ 1629 ) ਨੂੰ ਹੋਈ ।
ਬੀਬੀ ਵੀਰੋ ਪਿੱਛੋਂ ਆਪ ਜੀ ਦੇ ਘਰ ਦੂਸਰੇ ਪੁੱਤਰ ਬਾਬਾ ਸੂਰਜ ਮੱਲ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਸੰਮਤ 1674 ( ਸੰਨ 1617 ) ਨੂੰ ਹੋਇਆ । ਆਪ ਦਾ ਵਿਆਹ ਕਰਤਾਰਪੁਰ ਵਿਖੇ ਪ੍ਰੇਮਾਚੰਦ ਦੀ ਧੀ ਬੀਬੀ ਖੇਮ ਕੌਰ ਨਾਲ ਹੋਇਆ ਜਿਸਦੀ ਕੁੱਖੋਂ ਪੁੱਤਰ ਦੀਪ ਚੰਦ ਨੇ ਸੰਮਤ 1690 (ਸੰਨ 1633 ) ਨੂੰ ਜਨਮ ਲਿਆ ।
ਆਪ ਜੀ ਤੀਸਰੇ ਪੁੱਤਰ ਅਣੀ ਰਾਇ ਜੀ ਸਨ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ 26 ਮਾਘ ਸੰਮਤ 1675 (ਸੰਨ 1618) ਨੂੰ ਹੋਇਆ ਆਪ ਜੀ ਸਦਾ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਆਪ ਨੇ ਗ੍ਰਹਿਸਥੀ ਜੀਵਨ ਦਾ ਤਿਆਗ ਕਰ ਦਿੱਤਾ ਸੀ ਆਪ ਦਾ ਕਰਤਾਰਪੁਰ ਵਿਖੇ ਹੀ ਦਿਹਾਂਤ ਹੋਇਆ ਸੀ ।
ਬਾਬਾ ਅੱਟਲ ਰਾਇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚੌਥੇ ਪੁੱਤਰ ਸਨ । ਆਪ ਦਾ ਜਨਮ ਅੰਮ੍ਰਿਤਸਰ ਵਿਖੇ ਸੰਮਤ 1676 (ਸੰਨ 1619 ) ਨੂੰ ਹੋਇਆ । ਬਾਲ ਅਵਸਥਾ ਵਿੱਚ ਕੇਵਲ 9 ਸਾਲਾਂ ਦੀ ਆਯੂ ਵਿੱਚ ਹੀ ਆਪ ਸੰਮਤ 1685 ( ਸੰਨ 1628 ) ਨੂੰ ਪਰਲੋਕ ਸਿਧਾਰ ਗਏ ।
ਗੁਰੂ ਸਾਹਿਬ ਦੇ ਸਭ ਤੋਂ ਛੋਟੇ ਪੰਜਵੇਂ ਸਥਾਨ ਦੇ ਪੁੱਤਰ ਤੇਗ ਬਹਾਦਰ ਜੀ ਸਨ ਜਿੰਨ੍ਹਾਂ ਦਾ ਜਨਮ 4 ਵੈਸਾਖ ਸੰਮਤ 1678 ( 1 ਅਪ੍ਰੈਲ 1621 . ) ਨੂੰ ਕਰਤਾਰਪੁਰ ਵਿਖੇ ਹੋਇਆ । ਆਪ ਦੀ ਸ਼ਾਦੀ 15 ਅੱਸੂ ਸੰਮਤ 1689 ( ਸੰਨ 1632 ) ਨੂੰ ਜਗਤ ਮਾਤਾ, ਮਾਤਾ ਗੁੱਜਰੀ ਜੀ ਨਾਲ ਹੋਇਆ । ਆਪ ਜੀ ਦੇ ਮਾਤਾ ਜੀ ਤਿਆਗ ਦੇ ਮੂਰਤ ਸਨ । ਮਾਤਾ ਜੀ ਦੀ ਸੁਲੱਖਣੀ ਕੁੱਖ ਨੇ ਜਗਤ ਗੁਰੂ, ਸਰਬੰਸ ਦਾਨੀ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਜਨਮ ਦੇਣ ਦਾ ਸੁਭਾਗ ਪ੍ਰਾਪਤ ਕੀਤਾ । ਆਪ ਜੀ ਗੁਰੂ ਨਾਨਕ ਸਾਹਿਬ ਵੱਲੋਂ ਵਰੋਸਾਈ ਗੁਰਗੱਦੀ ਉੱਤੇ 20 ਮਾਰਚ 1665 ਈਸਵੀ ਨੂੰ ਸੁਸ਼ੋਭਿਤ ਹੋਏ । ਆਪ ਜੀ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕਰਦਿਆਂ 11 ਨਵੰਬਰ 1675 ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹਾਦਤ ਦੇ ਦਿੱਤੀ ।

                                                               ਗੁਰੂ ਹਰਗੋਬਿੰਦ ਜੀ ਦਾ ਮਗਰਲਾ ਜੀਵਨ :
ਗੁਰੂ ਹਰਿਗੋਬਿੰਦ ਜੀ ਨੇ ਆਪਣੀ ਪੂਰੀ ਹਯਾਤੀ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਲਗਾ ਦਿੱਤੀ । ਗੁਰੂ ਜੀ ਆਪਣਾ ਅੰਤਿਮ ਵੇਲਾ ਨੇੜੇ ਆਉਣਾ ਜਾਣ ਚੁੱਕੇ ਸਨ । ਆਪ ਜੀ ਨੇ 6 ਚੇਤ ਭਾਵ 3 ਮਾਰਚ 1644 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਅਤੇ ਆਪਣੇ ਪੋਤਰੇ ਹਰਿ ਰਾਇ ਜੀ ਨੂੰ 7ਵੇਂ ਗੁਰੂ ਵਜੋਂ ਗੁਰਗੱਦੀ ਸੌਂਪਕੇ ਆਪਣੇ ਜੀਵਨ ਦੇ 49 ਵਰ੍ਹੇ ਭੋਗ ਕੇ ਪ੍ਰਮਾਤਮਾ ਨੂੰ ਪਿਆਰੇ ਹੋ ਗਏ । ਕਹਿੰਦੇ ਹਨ ਕਿ ਗੁਰੂ ਜੀ ਨੇ ਆਪਣੇ ਅੰਤਲੇ ਸਮੇ ਆਪਣੇ ਆਪ ਨੂੰ ਅਲੱਗ ਕਰਕੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਸੰਗਤ ਨੂੰ ਅਗਲੇ ਹੁਕਮਾਂ ਤੱਕ ਦਰਵਾਜ਼ਾ ਨਾ ਖੋਲ੍ਹਣ ਦਾ ਹੁਕਮ ਦਿੱਤਾ । ਪੰਜ ਦਿਨਾਂ ਤੱਕ ਸੰਗਤਾਂ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਉਡੀਕ-ਉਡੀਕ ਜਦੋਂ ਦਰਵਾਜ਼ਾ ਖੋਲਿਆ ਤਾਂ ਉਨ੍ਹਾਂ ਦੇਖਿਆ ਕਿ ਗੁਰੂ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਚੁੱਕੇ ਸਨ । ਸੰਗਤ ਨਾਲ ਆਪ ਜੀ ਦਾ ਇੰਨਾ ਪ੍ਰੇਮ ਸੀ ਕਿ ਆਪ ਜੀ ਦੇ ਸਸਕਾਰ ਸਮੇ ਕਈ ਪ੍ਰੇਮੀ ਵੈਰਾਗ ਵਿੱਚ ਆਪ ਦੀ ਚਿਤਾ ਵਿੱਚ ਛਲਾਂਗ ਲਾਉਣ ਲਈ ਉਤਾਵਲੇ ਹੋ ਰਹੇ ਸਨ । ਪਰ ਗੁਰੂ ਹਰਿ ਰਾਇ ਜੀ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸੰਗਤ ਨੂੰ ਅਜਿਹਾ ਨਾ ਕਰਨ ਲਈ ਆਖ ਰਹੇ ਸਨ । ਪਰ ਫੇਰ ਵੀ ਇੱਕ ਸਿੰਘ ਅਤੇ ਜੈਸਲਮੇਰ ਦੇ ਰਾਜਾ ਰਾਮ ਪ੍ਰਤਾਪ ਨੇ ਗੁਰੂ ਜੀ ਦੇ ਨਾਲ ਹੀ ਆਪਣੇ ਆਪ ਨੂੰ ਅਗਨੀ ਦੇ ਹਵਾਲੇ ਕਰ ਲਿਆ । ਜਿਸ ਸਥਾਨ ਉੱਤੇ ਸੱਤਲੁਜ ਦਰਿਆ ਦੇ ਕੰਢੇ ਆਪ ਦੀ ਦੇਹੀ ਦਾ ਸੰਸਕਾਰ ਕੀਤਾ ਗਿਆ, ਉਹ ਸਥਾਨ ਅੱਜਕੱਲ ਪਾਤਾਲਪੁਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।