ਗੁਰੂ ਗੋਬਿੰਦ ਸਿੰਘ ਜੀ

ਨਾਮ

ਗੋਬਿੰਦ ਰਾਏ, ਦਸਮੇਸ਼ ਪਿਤਾ, ਸਰਬੰਸ ਦਾਨੀ, ਦਸਵੇਂ ਗੁਰੂ

ਜਨਮ ਮਿਤੀ 

22 ਦਸੰਬਰ 1666 ਈਸਵੀ

ਜਨਮ ਸਥਾਨ     

ਪਟਨਾ ਸਾਹਿਬ ( ਬਿਹਾਰ )

ਮਾਤਾ ਦਾ ਨਾਮ   

ਮਾਤਾ ਗੁੱਜਰੀ ਜੀ

ਪਿਤਾ ਦਾ ਨਾਮ

ਗੁਰੂ ਤੇਗ ਬਹਾਦਰ

ਪਤਨੀ ਦਾ ਨਾਮ 

ਮਾਤਾ ਜੀਤੋ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ

ਪੁੱਤਰ ਦਾ ਨਾਂ

ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫ਼ਤਿਹ ਸਿੰਘ

ਅਕਾਲ ਚਲਾਣਾ

7 ਅਕਤੂਬਰ 1708 ਈਸਵੀ

ਸਥਾਨ

ਹਜ਼ੂਰ ਸਾਹਿਬ

 


  ਮੁੱਢਲਾ ਜੀਵਨ 
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ( ਬਿਹਾਰ ) ਵਿੱਚ ਮਾਤਾ ਗੁੱਜਰੀ ਜੀ ਦੀ ਸੁਲੱਖਣੀ ਕੁੱਖ ਤੋਂ 22 ਦਸੰਬਰ 1666 ਈਸਵੀ ਨੂੰ ਹੋਇਆ । ਆਪ ਜੀ ਦੇ ਪ੍ਰਕਾਸ਼ ਦਿਹਾੜੇ ਸਮੇ ਪਿਤਾ ਗੁਰੂ ਤੇਗ ਬਹਾਦਰ ਜੀ ਸਿੱਖੀ ਦੇ ਪ੍ਰਚਾਰ ਲਈ ਆਸਾਮ ਅਤੇ ਬੰਗਾਲ ਦੇ ਲੰਮੇ ਦੌਰੇ ਤੇ ਨਿੱਕਲੇ ਹੋਏ ਸਨ । ਉਹਨਾਂ ਪੁੱਤਰ ਦੇ ਜਨਮ ਦੀ ਖ਼ੁਸ਼ਖ਼ਬਰੀ ਸੁਣਕੇ ਸਿੱਖਾਂ ਨੂੰ ਪਰਿਵਾਰ ਦੀ ਰੱਖਿਆ ਅਤੇ ਦੇਖ-ਭਾਲ਼ ਕਰਨ ਦਾ ਹੁਕਮਨਾਮਾ ਭੇਜਿਆ ਅਤੇ ਮਾਤਾ ਗੁੱਜਰੀ ਜੀ ਨੂੰ ਪੁੱਤਰ ਦਾ ਨਾਮ ਗੋਬਿੰਦ ਰਾਏ ਰੱਖਣ ਦਾ ਸੁਨੇਹਾ ਘੱਲਿਆ । ਜਨਮ ਉਪਰੰਤ ਆਪ ਜੀ ਦੇ ਦਰਸ਼ਨ ਕਰਨ ਲਈ ਮੁਸਲਿਮ ਫਕੀਰ ਪੀਰ ਭੀਖਣ ਸ਼ਾਹ ਜੀ ਲਖਨੌਰ ਤੋਂ ਚੱਲ ਕੇ ਆਏ। ਫਕੀਰ ਨੇ ਬਾਲ ਗੋਬਿੰਦ ਦੇ ਦਰਸ਼ਨ ਕਰਦਿਆਂ ਹੀ ਆਪ ਨੂੰ ਹਿੰਦੂ - ਮੁਸਲਮਾਨਾਂ ਦਾ ਸਾਂਝਾ ਇਲਾਹੀ ਨੂਰਆਖ ਕੇ ਸੁਲਾਹਿਆ । ਗੁਰੂ ਜੀ ਨੇ ਆਪਣੀ ਬਾਲ ਅਵਸਥਾ ਮਾਤਾ ਗੁੱਜਰੀ ਜੀ ਦੀ ਨਿੱਘੀ ਗੋਦ ਵਿੱਚ ਖੇਡ ਕੇ ਗੁਜ਼ਾਰੀ।

            ਆਪ ਨੇ ਆਪਣੀ ਮੁੱਢਲੀ ਵਿੱਦਿਆ ਬਿਹਾਰ ਅਤੇ ਅਨੰਦਪੁਰ ਰਹਿੰਦਿਆਂ ਹੀ ਸਿੱਖੀ । ਇੱਥੇ ਹੀ ਗੁਰੂ ਜੀ ਨੇ ਮਾਤਾ ਗੁੱਜਰੀ ਦੀ ਦੇਖ-ਰੇਖ ਹੇਠ ਬਿਹਾਰੀ, ਗੁਰਮੁੱਖੀ ਤੋਂ ਇਲਾਵਾ ਗੁਰਬਾਣੀ ਅਤੇ ਸ਼ਸਤਰ ਵਿੱਦਿਆ ਦੇ ਮੁੱਢਲੇ ਗੁਰ ਸਿੱਖੇ । ਦੂਸਰੇ ਬੱਚਿਆਂ ਦੇ ਮੁਕਾਬਲੇ ਗੁਰੂ ਸਾਹਿਬ ਬਚਪਨ ਤੋਂ ਹੀ ਵੱਖਰੇ ਸੁਭਾਅ ਅਤੇ ਬਿਰਤੀ ਦੇ ਮਾਲਕ ਸਨ । ਆਪ ਬਚਪਨ ਵਿੱਚ ਹੀ ਸਿੱਖ ਮਾਰਸ਼ਲ ਆਰਟ ਭਾਵ ਸ਼ਸ਼ਤਰ ਵਿੱਦਿਆ ਵਿੱਚ ਰੁੱਚੀ ਰੱਖਣ ਲੱਗ ਪਏ ਸਨ । ਬਚਪਨ ਵਿੱਚ ਆਪ ਪਾਣੀ ਭਰਕੇ ਲਿਆਉਂਦੀਆਂ ਸੁਆਣੀਆਂ ਦੇ ਘੜਿਆਂ ਨੂੰ ਆਪਣੀ ਗੁਲੇਲ ਦਾ ਨਿਸ਼ਾਨਾ ਲਾ ਕੇ ਤੋੜ ਦਿਆ ਕਰਦੇ ਸਨ । ਗੁਰੂ ਜੀ ਦੇ ਮਾਤਾ-ਪਿਤਾ ਨੇ ਆਪ ਨੂੰ ਯੁੱਧ ਵਿੱਦਿਆ ਦੀ ਸਿਖਲਾਈ ਵਿੱਚ ਨਿਪੁੰਨ ਕਰਨ ਦੇ ਨਾਲ-ਨਾਲ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੀ ਵਿੱਦਿਆ ਵੀ ਦਿਵਾਈ । ਗੁਰੂ ਜੀ ਨੇ ਫ਼ਾਰਸੀ ਕਾਜੀ ਪੀਰ ਮੁਹੰਮਦ ਤੋਂ ਸਿੱਖੀ ਅਤੇ ਸੰਸਕ੍ਰਿਤ ਭਾਸ਼ਾ ਪੰਡਿਤ ਹਰਜਸ ਤੋਂ ਸਿੱਖੀ । ਇਸ ਤੋਂ ਇਲਾਵਾ ਆਪ ਨੇ ਗੁਰਮੁੱਖੀ ਦਾ ਗਿਆਨ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪ੍ਰਾਪਤ ਕੀਤਾ। ਧਾਰਮਿਕ ਸ਼ਖ਼ਸੀਅਤਾਂ ਦੇਸ਼ ਦੇ ਕੋਨੇ ਕੋਨੇ ਤੋਂ ਆਪ ਦੇ ਦਰਸ਼ਨਾਂ ਦੀ ਤਾਂਘ ਲਈ ਤੱਤਪਰ ਰਹਿੰਦੀਆਂ ਸਨ । ਭਾਈ ਹਰਿਜਸ ਸੁਭਿੱਖੀ ਵੀ ਲਾਹੌਰ ਤੋਂ ਉਚੇਚੇ ਤੌਰ ਤੇ ਆਪ ਜੀ ਦੇ ਦਰਸ਼ਨ ਕਰਨ ਲਈ ਪੁੱਜੇ ਸਨ । ਬੰਗਾਲ ਅਤੇ ਆਸਾਮ ਦੇ ਸਿੱਖੀ ਦੇ ਪ੍ਰਚਾਰ ਦੇ ਦੌਰੇ ਸਮੇ ਤਕਰੀਬਨ 1675 ਈਸਵੀ ਦੇ ਨੇੜੇ-ਤੇੜੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਦਾ ਮੂੰਹ ਦੇਖਣ ਦੇ ਮਕਸਦ ਨਾਲ ਵਾਪਸੀ ਦਾ ਐਲਾਨ ਕਰ ਦਿੱਤਾ । ਉਹਨਾਂ 7 ਸਾਲਾਂ ਦੀ ਲੰਮੀ ਧਰਮ ਪ੍ਰਚਾਰਕ ਯਾਤਰਾ ਤੋਂ ਵਾਪਸ ਆ ਕੇ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਦਾ ਮੱਥਾ ਚੁੰਮਿਆ ।

     ਗੁਰੂ ਗੋਬਿੰਦ ਰਾਏ ਦਾ ਵਿਆਹ 11 ਸਾਲਾਂ ਦੀ ਆਯੂ ਵਿੱਚ ਹਰਜਨ ਸੁਭਿਖੀ ਖੱਤਰੀ ਦੀ ਧੀ ਮਾਤਾ ਜੀਤ ਕੌਰ ਜੀ ਨਾਲ ਹੋਇਆ । ਆਪ ਜੀ ਦਾ 18 ਸਾਲਾਂ ਦੀ ਆਯੂ ਵਿੱਚ ਮਾਤਾ ਸੁੰਦਰੀ ਜੀ ਨਾਲ ਹੋਇਆ । 34 ਸਾਲਾਂ ਦੀ ਆਯੂ ਵਿੱਚ ਮਾਤਾ ਸਾਹਿਬ ਕੌਰ ਨਾਲ ਆਪ ਜੀ ਦਾ ਵਿਆਹ ਸਿਰਫ ਆਤਮਿਕ ਮਿਲਾਪ ਦੀ ਸ਼ਰਤ ਤੇ ਹੋਇਆ ਸੀ । ਕਿਉਂਕਿ ਮਾਤਾ ਸਾਹਿਬ ਕੌਰ ਜੀ ਦੇ ਪਿਤਾ ਭਾਈ ਰਾਮੂ ਆਪਣੀ ਧੀ ਦੇ ਪੈਦਾ ਹੁੰਦਿਆਂ ਹੀ ਦਿਲੋਂ ਗੁਰੂ ਜੀ ਦੇ ਨਵਿੱਤ ਕਰ ਚੁੱਕਾ ਸੀ । ਮਾਤਾ ਸੁੰਦਰੀ ਜੀ ਦੀ ਕੁੱਖੋਂ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਮਾਤਾ ਜੀਤੋ ਜੀ ਦੀ ਕੁੱਖ ਤੋਂ ਤਿੰਨ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦਾ ਜਨਮ ਹੋਇਆ ।
ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸ :

ਸਿੱਖ ਧਰਮ ਵਿੱਚ ਖਾਲਸਾਸ਼ਬਦ ਆਪਣਾ ਖ਼ਾਸ ਮਹੱਤਵ ਰੱਖਦਾ ਹੈ । ਇਹ ਸ਼ਬਦ ਕਹਿੰਦਿਆਂ ਜਾਂ ਸੁਣਦਿਆਂ ਹੀ ਹਰੇਕ ਸਿੱਖ ਆਪਣੇ ਅੰਦਰ ਇੱਕ ਵੱਖਰਾ ਹੀ ਨਾ ਜ਼ਿਕਰ ਕਰਨ ਯੋਗ ਅਹਿਸਾਸ ਮਹਿਸੂਸ ਕਰਨ ਲੱਗ ਪੈਂਦਾ ਹੈ । ਖਾਲਸਾ ਸ਼ਬਦ ਆਪਣੇ ਕੰਨੀਂ ਪੈਂਦਿਆਂ ਹਰ ਸਿੱਖ ਆਪਣੀਆਂ ਨਾੜਾਂ ਵਿੱਚ ਖੂਨ ਦਾ ਵਹਾਅ ਤੇਜ ਹੋਇਆ ਮਹਿਸੂਸ ਕਰਦਾ ਹੈ ਅਤੇ ਉਹ ਆਪਣੇ ਅੰਦਰ ਆਈ ਇੱਕ ਅਲੌਕਿਕ ਤਬਦੀਲੀ ਮਹਿਸੂਸ ਕਰਦਾ ਹੈ । ਅਸਲ ਵਿੱਚ ਖਾਲਸਾਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਖਾਲਿਸਹੈ, ਅਤੇ ਇਸਦਾ ਅਰਥ ਹੈ ਸ਼ੁੱਧ, ਪਾਕ, ਬੇਦਾਗ਼ ਜਾਂ ਬੇਐਬ । ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ 13 ਅਪ੍ਰੈਲ 1699 ਈਸਵੀ ਨੂੰ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਤੋਂ ਤਿਆਰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ ।

       ਇਸ ਪਾਵਨ ਮੌਕੇ ਗੁਰੂ ਜੀ ਨੇ ਇਹ ਖਾਲਸਾਸ਼ਬਦ ਸਿੱਖ ਕੌਮ ਲਈ ਵਰਤਿਆ । ਇਸ ਦਿਨ ਤੋਂ ਖਾਲਸੇ ਦੇ ਰੂਪ ਵਿੱਚ ਤਿਆਰ-ਬਰ-ਤਿਆਰ ਹਰ ਪੂਰਨ ਅਮ੍ਰਿਤਧਾਰੀ ਗੁਰਸਿੱਖ ਨੂੰ ਖਾਲਸਾਕਿਹਾ ਜਾਣ ਲੱਗ ਪਿਆ । ਸਿੱਖ ਇਨਕਲਾਬ ਦੇ ਵਿਲੱਖਣ ਇਤਿਹਾਸ ਦਾ ਨਿਵੇਕਲਾ ਅਤੇ ਸੁਨਿਹਰੀ ਪੰਨਾ ਸਿੱਖ ਇਤਿਹਾਸ ਹੈ, ਜੋ ਦੁਨੀਆ ਦੀ ਤਵਾਰੀਖ ਵਿੱਚ ਹਮੇਸ਼ਾਂ ਲਈ ਸਦੀਵੀ ਤੌਰ ਤੇ ਦਰਜ ਹੈ। ਸਮੁੱਚੇ ਵਿਸ਼ਵ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਧਰਤੀ ਉੱਤੇ ਕਿਤੇ ਵੀ ਗੁਰੂ ਨਾਨਕ ਸਾਹਿਬ ਦੀ ਪਾਕ ਅਤੇ ਪਵਿੱਤਰ ਗੁਰਗੱਦੀ ਦੀਆਂ ਪਾਵਨ ਰੂਹਾਂ ਨਹੀਂ ਆਈਆਂ । ਖਾਲਸਾ ਪੰਥ ਦੀ ਸਾਜਨਾ ਕਰਕੇ ਗੁਰੂ ਸਾਹਿਬ ਨੇ ਇੱਕ ਅਜਿਹੇ ਨਿਆਰੇ, ਨਿੱਡਰ ਅਤੇ ਨਿਰਵੈਰ ਪੰਥ ਦੀ ਉੱਤਪਤੀ ਕੀਤੀ ਜੋ ਪੂਰੇ ਸੰਸਾਰ ਵਿੱਚ ਆਪਣੇ ਵੱਖਰੇ ਹੀ ਨਿਆਰੇਪਣ ਕਰਕੇ ਜਾਣਿਆ ਜਾਂਦਾ ਹੈ । ਖਾਲਸਾ ਪੰਥ ਦੀ ਸਾਜਨਾ ਕਰਨ ਸਮੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸ਼ੇਸ਼ ਮਹਾਂ ਸਭਾ ਬੁਲਾਈ । ਇਸ ਮਹਾਂ ਸਭਾ ਵਿੱਚ ਸਮੁੱਚੇ ਭਾਰਤ ਵਿੱਚੋਂ ਵੱਡੀ ਗਿਣਤੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋਈ । ਗੁਰੂ ਜੀ ਨੇ ਭਰੀ ਸਭਾ ਵਿੱਚ ਹਾਜ਼ਰ ਹੋ ਕੇ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢਕੇ ਲਹਿਰਾਉਂਦਿਆਂ ਲਲਕਾਰਿਆ -

                                    “ ਇਸ ਸਭਾ ਵਿੱਚ ਹੈ ਕੋਈ ਆਪਣੇ ਗੁਰੂ ਦਾ ਪਿਆਰਾ ਸਿੱਖ, ਜੋ ਧਰਮ ਖ਼ਾਤਰ ਸੀਸ ਦੇ ਸਕੇ ।

ਗੁਰੂ ਜੀ ਦੀਆਂ ਅੱਖਾਂ ਵਿੱਚ ਨੂਰ ਅਤੇ ਚਿਹਰੇ ਉੱਤੇ ਲਾਲੀ ਤੱਕ ਕੇ ਸਾਰੀ ਸਭਾ ਵਿੱਚ ਜਿਵੇਂ ਸੱਨਾਟਾ ਛਾਅ ਗਿਆ ਹੋਵੇ । ਗੁਰੂ ਜੀ ਨੇ ਆਪਣੇ ਮੁੱਖੋਂ ਕਹੇ ਬੋਲਾਂ ਨੂੰ ਤਿੰਨ ਵਾਰ ਉਚਾਰਿਆ । ਅਖੀਰ ਦਇਆ ਰਾਮ ਨਾਂ ਦਾ ਖੱਤਰੀ ਸਾਰੀ ਸਭਾ ਵਿੱਚੋਂ ਉੱਠ ਖੜ੍ਹਾ ਹੋਇਆ ਗੁਰੂ ਜੀ ਅੱਗੇ ਸੀਸ ਦੇਣ ਲਈ ਤਿਆਰ ਹੋ ਗਿਆ । ਦਸਮੇਸ਼ ਪਿਤਾ ਜੀ ਦਇਆ ਰਾਮ ਨੂੰ ਤੰਬੂ ਅੰਦਰ ਲੈ ਗਏ।
            ਕੁਝ ਸਮੇ ਬਾਦ ਉਹ ਖੂਨ ਨਾਲ ਲਿੱਬੜੀ ਤਲਵਾਰ ਨਾਲ ਤੰਬੂ ਤੋਂ ਬਾਹਰ ਆ ਗਏ ਅਤੇ ਇੱਕ ਹੋਰ ਦੂਸਰੇ ਸਿਰ ਦੀ ਮੰਗ ਕਰਨ ਲੱਗੇ । ਇਸ ਵਾਰ ਮਹਾਂ ਸਭਾ ਵਿੱਚ ਦਿੱਲੀਓਂ ਆਏ ਧਰਮ ਦਾਸ ਨੇ ਗੁਰੂ ਜੀ ਨੂੰ ਸੀਸ ਦੇਣਾ ਸਵੀਕਾਰ ਕੀਤਾ । ਗੁਰੂ ਸਾਹਿਬ ਧਰਮ ਦਾਸ ਨੂੰ ਵੀ ਦਇਆ ਰਾਮ ਵਾਂਗ ਤੰਬੂ ਵਿੱਚ ਲੈ ਗਏ । ਗੁਰੂ ਜੀ ਫੇਰ ਕੁਝ ਸਮੇ ਬਾਦ ਖੂਨ ਨਾਲ ਲੱਥਪੱਥ ਤਲਵਾਰ ਲੈ ਕੇ ਤੰਬੂ ਵਿੱਚੋਂ ਬਾਹਰ ਆ ਗਏ । ਇਸ ਤਰਾਂ ਗੁਰੂ ਜੀ ਨੇ ਤਿੰਨ ਹੋਰ ਸਿਰਾਂ ਦੀ ਮੰਗ ਕੀਤੀ ਅਤੇ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣੇ ਸੀਸ ਦੇਣ ਲਈ ਵਾਰੋ ਵਾਰੀ ਗੁਰੂ ਸਾਹਿਬ ਅੱਗੇ ਪੇਸ਼ ਹੋਏ । ਅਖੀਰ ਗੁਰੂ ਜੀ ਇਹਨਾਂ ਪੰਜਾਂ ਨੂੰ ਹੀ ਤੰਬੂ ਵਿੱਚੋਂ ਬਾਹਰ ਲੈ ਆਏ । ਗੁਰੂ ਜੀ ਨੇ ਇਸ ਮੌਕੇ ਇਹਨਾਂ ਨੂੰ ਪੰਜ ਪਿਆਰੇ " ਦਾ ਨਾਂ ਦੇ ਕੇ ਵਡਿਆਈ ਦਿੱਤੀ । ਪੰਜ ਪਿਆਰੇ ਥਾਪਣ ਉਪਰੰਤ ਦਸਮੇਸ਼ ਪਿਤਾ ਜੀ ਲੋਹੇ ਦਾ ਇੱਕ ਵੱਡਾ ਬਾਟਾ ਮੰਗਵਾ ਕੇ ਉਸ ਵਿੱਚ ਸਾਫ਼ ਪਾਣੀ ਪਵਾਇਆਂ । ਉਹ ਪਾਣੀ ਨੂੰ ਖੰਡੇ ਨਾਲ ਹਿਲਾਉਂਣ ਲੱਗੇ ਅਤੇ ਨਾਲ ਹੀ ਜਪੁਜੀ ਸਾਹਿਬ ਦਾ ਪਾਠ ਕਰਨ ਲੱਗ ਪਏ । ਇਸ ਤਰਾਂ ਗੁਰੂ ਜੀ ਨੇ ਅਮ੍ਰਿਤ ਤਿਆਰ ਕੀਤਾ ਅਤੇ ਇਸਨੂੰ ਖੰਡੇ ਦਾ ਪਾਹੁਲਦਾ ਨਾਂ ਦਿੱਤਾ । ਇਸ ਸਮੇ ਮਾਤਾ ਜੀਤੋ ਆਪਣੇ ਨਾਲ ਕੁਝ ਪਤਾਸੇ ਲੈ ਕੇ ਆਈ ਸੀ । ਗੁਰੂ ਜੀ ਨੇ ਮਾਤਾ ਜੀ ਤੋਂ ਕੁਝ ਪਤਾਸੇ ਲੈ ਕੇ ਅਮ੍ਰਿਤ ਵਿੱਚ ਘੋਲ ਦਿੱਤੇ ।

Image removed.

ਇਸ ਮਿੱਠੇ ਅਮ੍ਰਿਤ ਤੋਂ ਭਾਵ ਸੀ ਕਿ ਗੁਰੂ ਜੀ ਨੇ ਸਿੰਘਾਂ ਨੂੰ ਨਿੱਡਰ ਸ਼ੇਰ ਕੌਮ ਤਿਆਰ ਕਰਨ ਦੇ ਨਾਲ - ਨਾਲ ਉਹਨਾਂ ਅੰਦਰ ਨਿਮਰਤਾ ਅਤੇ ਮਿਠਾਸ ਪੈਦਾ ਕਰਨਾ ਸੀ । ਗੁਰੂ ਜੀ ਨੇ ਖੰਡੇ ਬਾਟੇ ਦਾ ਤਿਆਰ ਇਹ ਅਮ੍ਰਿਤ ਪਹਿਲਾਂ ਪੰਜ ਪਿਆਰਿਆਂ ਨੂੰ ਹੱਥੀਂ ਆਪ ਛਕਾਇਆ ਅਤੇ ਬਾਦ ਵਿੱਚ ਪੰਜ ਪਿਆਰਿਆਂ ਦੇ ਗੋਡਿਆਂ ਭਾਰ ਨਿਉਣ ਤੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਦਾ ਜੈਕਾਰਾ ਲਾਉਣ ਦਾ ਆਦੇਸ਼ ਦਿੱਤਾ । ਇਸ ਪਿੱਛੋਂ ਗੁਰੂ ਸਾਹਿਬ ਨੇ ਵਾਰੀ- ਵਾਰੀ ਪੰਜ ਪਿਆਰਿਆਂ ਦੇ ਨੇਤਰਾਂ ਅਤੇ ਕੇਸਾਂ ਉੱਤੇ ਛਿੱਟੇ ਮਾਰੇ । ਉਹਨਾਂ ਹਰੇਕ ਪਿਆਰੇ ਨੂੰ ਖਾਲਸਾ ਜੀ ਦੇ ਨਾਂ ਨਾਲ ਬੁਲਾਇਆ । ਬਾਦ ਵਿੱਚ ਗੁਰੂ ਜੀ ਨੇ ਸਾਰੇ ਹੀ ਪਿਆਰਿਆਂ ਦੇ ਹੱਥੋਂ ਆਪ ਵੀ ਵਾਰੀ - ਵਾਰੀ ਅਮ੍ਰਿਤ ਛਕਿਆ । ਇਸ ਤਰਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਿਰਾਲਾ ਸਿੱਖ ਪੰਥ ਸਾਜਿਆ ।

ਦਸਮੇਸ਼ ਪਿਤਾ ਦਾ ਪ੍ਰੀਵਾਰ ਵਿਛੋੜਾ :

ਭੰਗਾਣੀ ਦੇ ਯੁੱਧ ਵਿੱਚ ਜਿੱਤ ਪ੍ਰਾਪਤ ਕਰਨ ਮਗਰੋਂ ਗੁਰੂ ਜੀ ਅਨੰਦਪੁਰ ਆ ਗਏ । ਮੁਗਲ ਹੁਕਮਰਾਨ ਅਤੇ ਪਹਾੜੀ ਰਾਜੇ ਗੁਰੂ ਜੀ ਪਾਸੋਂ ਲਗਾਤਾਰ ਜੰਗਾਂ ਹਾਰ ਰਹੇ ਸਨ । ਹਾਰ ਦੇ ਨਾਲ - ਨਾਲ ਪਹਾੜੀ ਰਾਜੇ ਗੁਰੂ ਜੀ ਨਾਲ ਆਪਣੀ ਨਕਲੀ ਦੋਸਤੀ ਦੀ ਪਾਜ ਖੁੱਲ ਜਾਣ ਤੋਂ ਵੀ ਡਾਹਢੇ ਸ਼ਰਮਿੰਦਾ ਸਨ । ਪਹਾੜੀ ਰਾਜਿਆਂ ਨੇ ਆਪਣੀ ਬੇਇੱਜਤੀ ਹੁੰਦੀ ਸਮਝਦਿਆਂ ਬਾਦਸ਼ਾਹ ਔਰੰਗਜੇਬ ਨੂੰ ਗੁਰੂ ਸਾਹਿਬ ਉੱਤੇ ਹਮਲਾ ਕਰਨ ਦੀ ਬੇਨਤੀ ਕੀਤੀ ਅਤੇ ਇਸ ਲੜਾਈ ਉੱਪਰ ਹੋਣ ਵਾਲਾ ਸਾਰਾ ਖਰਚ ਆਪਣੇ ਪੱਲਿਓਂ ਝੱਲਣ ਦਾ ਵਾਅਦਾ ਕੀਤਾ । ਬਾਦਸ਼ਾਹ ਔਰੰਗ- ਜੇਬ ਨੇ ਦਿੱਲੀ ਤੋਂ ਸੱਯਦ ਖਾਨ ਦੀ ਕਮਾਂਡ ਥੱਲੇ ਭਾਰੀ ਫੌਜ ਅਨੰਦਪੁਰ ਕਿਲੇ ਵੱਲ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਰਵਾਨਾ ਕਰ ਦਿੱਤੀ । ਰਸਤੇ ਵਿੱਚ ਸਰਹਿੰਦ ਤੋਂ ਸੂਬੇਦਾਰ ਦੇ ਮੁਗਲ ਫ਼ੌਜੀ ਦਸਤੇ ਅਤੇ ਪਹਾੜੀ ਰਾਜੇ ਵੀ ਸ਼ਾਮਿਲ ਹੋ ਗਏ । ਜੰਗ ਕਰਨ ਸਮੇ ਜਦੋਂ ਮੁਗਲ ਜਰਨੈਲ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਉਹ ਉਹਨਾਂ ਦਾ ਪ੍ਰਤਾਪ ਦੇਖ ਕੇ ਗੁਰੂ ਜੀ ਦਾ ਮੁਰੀਦ ਹੋ ਗਿਆ ਅਤੇ ਗੁਰੂ ਜੀ ਨਾਲ ਯੁੱਧ ਨਾ ਕਰਨ ਦਾ ਫੈਸਲਾ ਲੈ ਕੇ ਫੌਜ ਦੀ ਕਮਾਂਡ ਤਿਆਗ ਕੇ ਵਾਪਸ ਪਰਤ ਗਿਆ । ਇਸ ਵਾਰ ਵੀ ਗੁਰੂ ਜੀ ਦੀ ਹੀ ਜਿੱਤ ਹੋਈ । ਬਾਦਸ਼ਾਹ ਗੁਰੂ ਜੀ ਵਿਰੁੱਧ ਲੜੀਆਂ ਸਾਰੀਆਂ ਜੰਗਾਂ ਬੁਰੀ ਤਰਾਂ ਹਾਰਨ ਮਗਰੋਂ ਬੌਖਲਾਹਟ ਵਿੱਚ ਆ ਗਿਆ । ਉਸਨੇ ਲਾਹੌਰ, ਕਸ਼ਮੀਰ ਅਤੇ ਸਰਹਿੰਦ ਦੇ ਤਿੰਨੇ ਸੂਬੇਦਾਰਾਂ ਅਤੇ ਪਹਾੜੀ ਰਾਜਿਆਂ ਸਮੇਤ ਅਨੰਦਪੁਰ ਉੱਤੇ 1704 ਈਸਵੀ ਵਿੱਚ ਵੱਡੀ ਫੌਜ ਨਾਲ ਹੱਲਾ ਬਿਲ ਦਿੱਤਾ । ਗੁਰੂ ਜੀ ਦੇ ਸਿੰਘਾਂ ਨੇ ਇਸ ਹਮਲੇ ਨੂੰ ਵੀ ਪਛਾੜ ਦਿੱਤਾ । ਪ੍ਰੰਤੂ ਹਾਰ ਜਾਣ ਪਿੱਛੋਂ ਵੀ ਵਿਰੋਧੀਆਂ ਨੇ ਕਿਲੇ ਦੀ ਘੇਰਾਬੰਦੀ ਨਹੀਂ ਛੱਡੀ । ਉਹ ਰੁਕ - ਰੁਕ ਕੇ ਕਿਲੇ ਉੱਤੇ ਹਮਲਾ ਕਰਦੇ ਰਹੇ । ਉਹਨਾਂ ਨੇ ਕਿਲੇ ਨੂੰ ਜਾਣ ਵਾਲੇ ਸਾਰੇ ਹੀ ਰਸਤੇ ਬੰਦ ਕਰ ਦਿੱਤੇ ਅਤੇ ਕਿਲੇ ਅੰਦਰ ਖਾਣ - ਪੀਣ ਦੇ ਸਾਮਾਨ ਜਾਣ ਉੱਤੇ ਰੋਕ ਲਗਾ ਦਿੱਤੀ । ਇਹ ਸਿਲਸਿਲਾ ਲਗਾਤਾਰ ਕਈ ਮਹੀਨੇ ਚੱਲਦਾ ਰਿਹਾ । ਵਿਰੋਧੀਆਂ ਨੇ ਗੁਰੂ ਜੀ ਵਿਰੁੱਧ ਕਾਮਯਾਬ ਨਾ ਹੁੰਦੇ ਦੇਖ ਕੇ ਇੱਕ ਚਾਲ ਚੱਲੀ । ਉਹਨਾਂ ਨੇ ਔਰੰਗਜੇਬ ਵੱਲੋਂ ਕੁਰਾਨ ਉੱਤੇ ਇੱਕ ਪਰਵਾਨਾ ਲਿਖਵਾ ਕੇ ਗੁਰੂ ਸਾਹਿਬ ਵੱਲ ਭੇਜਿਆ । ਪਹਾੜੀ ਰਾਜਿਆਂ ਨੇ ਆਪਣੇ ਵੱਲੋਂ ਵੱਖਰੇ ਪਰਵਾਨੇ ਵਿੱਚ ਗਊ ਦੀਆਂ ਸੌਹਾਂ ਖਾਧੀਆਂ । ਵਿਰੋਧੀਆਂ ਨੇ ਗੁਰੂ ਸਾਹਿਬ ਨੂੰ ਲਿਖਿਆ ਕਿ ਜੇਕਰ ਉਹ ਕਿਲਾ ਛੱਡ ਦਿੰਦੇ ਹਨ ਤਾਂ ਉਹਨਾਂ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ । ਗੁਰੂ ਜੀ ਵਿਰੋਧੀਆਂ ਦੀ ਇਸ ਚਾਲ ਨੂੰ ਚੰਗੀ ਤਰਾਂ ਜਾਣਦੇ ਸਨ । ਪਰ ਉਹ ਸਿੰਘਾਂ ਦੇ ਜ਼ਿਆਦਾ ਜ਼ੋਰ ਪਾਉਣ ਤੇ ਮੰਨ ਗਏ । ਦਸਮੇਸ਼ ਪਿਤਾ ਜੀ ਨੇ ਦਸੰਬਰ ਮਹੀਨੇ ਦੇ ਤੀਜੇ ਹਫਤੇ ਸੰਨ 1704 ਈਸਵੀ ਨੂੰ ਰਾਤ ਦੇ ਪਹਿਲੇ ਪਹਿਰ ਨੂੰ ਕਿਲਾ ਛੱਡ ਦਿੱਤਾ । ਵਿਰੋਧੀਆਂ ਨੇ ਝੂਠੀਆਂ ਕਸਮਾਂ ਤੋੜਦਿਆਂ ਗੁਰੂ ਜੀ ਤੇ ਪਿੱਠ ਪਿੱਛਿਓਂ ਵਾਰ ਕਰ ਦਿੱਤਾ । ਭਾਰੀ ਬਾਰਸ਼ ਵਿੱਚ ਹਮਲੇ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਸਿਰਸਾ ਨਦੀ ਦੇ ਕੰਢੇ ਤੇ ਪਹੁੰਚ ਗਏ । ਉਹ ਦੁਸ਼ਮਣ ਨਾਲ ਲੋਹਾ ਲੈਂਦਿਆਂ ਹੋਇਆਂ ਭਾਰੀ ਮੀਂਹ ਵਿੱਚ ਸਿਰਸਾ ਨਦੀ ਦੇ ਪਾਣੀ ਦੇ ਤੇਜ ਵਹਾਅ ਨੂੰ ਚੀਰਦਿਆਂ ਕੁਝ ਕੁ ਸਿੰਘਾਂ ਨਾਲ ਨਦੀ ਪਾਰ ਕਰ ਗਏ ।

       ਇੱਥੋਂ ਗੁਰੂ ਜੀ ਦਾ ਪ੍ਰੀਵਾਰ ਵਿਛੋੜਾ ਹੋਣ ਦਾ ਆਗਾਜ਼ ਹੋ ਗਿਆ । ਇੱਥੇ ਹੀ ਸਿਰਸਾ ਨਦੀ ਨੂੰ ਪਾਰ ਕਰਦਿਆਂ ਉਹ ਮਾਤਾ ਗੁੱਜਰੀ ਜੀ ਅਤੇ ਆਪਣੇ ਛੋਟੇ ਸਾਹਿਬਜ਼ਾਦਿਆਂ ਤੋਂ ਵਿਛੋੜਾ ਪਾ ਗਏ । ਪਿੱਛੋਂ ਮੁਗਲਾਂ ਨੇ ਮਾਤਾ ਗੁੱਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ ।

    ਮੁਗਲਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਂਹਾਂ ਵਿੱਚ ਚਿਣਵਾਕੇ ਸ਼ਹੀਦ ਕਰ ਦਿੱਤਾ ਗਿਆ ਅਤੇ

ਪੋਤਿਆਂ ਦੀ ਸ਼ਹੀਦੀ ਦੀ ਖ਼ਬਰ ਆਪਣੇ ਕੰਨੀਂ ਪੈਦਿਆਂ ਹੀ ਮਾਤਾ ਗੁੱਜਰੀ ਵੀ ਠੰਢੇ ਬੁਰਜ ਵਿੱਚ ਆਪਣੇ ਪ੍ਰਾਣ ਤਿਆਗ ਗਏ ।

 ਇੱਥੋਂ ਗੁਰੂ ਜੀ ਸਿੰਘਾਂ ਸਮੇਤ ਚਮਕੌਰ ਨਗਰ ਪੁੱਜ ਗਏ । ਉਹਨਾਂ ਇੱਥੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਡੇਰੇ ਜਮਾ ਲਏ । ਇੱਥੇ ਗੁਰੂ ਜੀ ਨਾਲ ਉਹਨਾਂ ਦੇ ਵੱਡੇ ਸਾਹਿਬਜਾਦਿਆਂ ਸਮੇਤ ਕੇਵਲ 40 ਸਿੰਘ ਹੀ ਬਚੇ ਸਨ ।

 ਚਮਕੌਰ ਦੀ ਗੜ੍ਹੀ ਦਾ ਯੁੱਧ ਸਿੱਖ ਇਤਿਹਾਸ ਦਾ ਇੱਕ ਨਿਵੇਕਲਾ ਯੁੱਧ ਰਿਹਾ ਹੈ । ਇਸ ਯੁੱਧ ਵਿੱਚ ਉੱਨ੍ਹਾਂ ਨੇ ਦੋ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੋਰਾਵਰ ਸਿੰਘ ਸਮੇਤ ਕੇਵਲ 40 ਸਿੰਘਾਂ ਨਾਲ ਲੱਖਾਂ ਦੀ ਗਿਣਤੀ ਵਿੱਚ ਮੁਗਲ ਫੌਜੀਆਂ ਨੂੰ ਮੂੰਹਾਂ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰ ਦਿੱਤਾ ਸੀ । ਚਮਕੌਰ ਦੀ ਜੰਗ ਵਿੱਚ ਗੁਰੂ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਸਿੰਘਾਂ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ ।

ਇਸ ਜੰਗ ਵਿੱਚ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਸਾਹਬਜਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਤੋਂ ਵਿਛੋੜਾ ਪਾ ਗਏ ।

ਗੁਰੂ ਗੋਬਿੰਦ ਸਿੰਘ ਦੀ ਗੁਰਿਆਈ :

ਗੁਰੂ ਤੇਗ ਬਹਾਦਰ ਜੀ ਦੇ ਗੁਰੂਕਾਲ ਦੌਰਾਨ ਮੁਗਲ ਹਕੂਮਤ ਦਾ ਗ਼ੈਰ ਮੁਸਲਿਮ ਲੋਕਾਂ ਉੱਤੇ ਜਬਰ ਅਤੇ ਜ਼ੁਲਮ ਦਾ ਬਹੁਤ ਬੋਲਬਾਲਾ ਸੀ । ਮੁਗਲ ਸਲਤਨਤ ਵੱਲੋਂ ਗ਼ੈਰ ਮੁਸਲਿਮ ਲੋਕਾਂ ਉੱਪਰ ਧਰਮ ਪ੍ਰੀਵਰਤਨ ਦਾ ਦਬਾਅ ਪਾਇਆ ਜਾਂਦਾ ਸੀ । ਇੱਥੋਂ ਤੱਕ ਕਿ ਉਹਨਾਂ ਨੂੰ ਇਸ ਕੰਮ ਲਈ ਮੌਤ ਦਾ ਵੀ ਡਰਾਵਾ ਦਿੱਤਾ ਜਾਂਦਾ ਸੀ । ਇਸੇ ਤਹਿਤ ਕਸ਼ਮੀਰ ਵਿੱਚ ਕਸ਼ਮੀਰੀ ਹਿੰਦੂਆਂ ਨੂੰ ਵੀ ਜਬਰਨ ਮੁਸਲਿਮ ਧਰਮ ਅਪਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ । ਇਸ ਕੰਮ ਲਈ ਕਸ਼ਮੀਰੀ ਪੰਡਿਤਾਂ ਉੱਤੇ ਅੱਤਿਆਚਾਰ ਕੀਤੇ ਜਾਣ ਲੱਗ ਪਏ । ਸ਼ੇਰ ਅਫ਼ਗ਼ਾਨ ਖਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਪੰਡਿਤ ਕ੍ਰਿਪਾ ਦੱਤ ਦੀ ਅਗਵਾਈ ਵਿੱਚ 16 ਕਸ਼ਮੀਰੀ ਪੰਡਿਤਾਂ ਦਾ ਇੱਕ ਵਫ਼ਦ ਗੁਰੂ ਤੇਗ ਬਹਾਦਰ ਜੀ ਪਾਸ ਆਪਣੀ ਰੱਖਿਆ ਲਈ ਫ਼ਰਿਆਦ ਲੈ ਕੇ ਅਨੰਦਪੁਰ ਪੁਜਾ । ਗੁਰੂ ਜੀ ਨੇ ਗੁਰਬਾਣੀ ਦੇ ਕਥਨ

                           “ ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ, ਇਹੁ ਬਿਰਦੁ ਸੁਆਮੀ ਸੰਦਾ ।।

ਅਨੁਸਾਰ ਕਸ਼ਮੀਰੀ ਪੰਡਿਤਾਂ ਨੂੰ ਰੱਖਿਆ ਕਰਨ ਦਾ ਬਚਨ ਦਿੱਤਾ । ਉਹਨਾਂ ਕਸ਼ਮੀਰੀ ਪੰਡਿਤਾਂ ਨੂੰ ਆਖਿਆ - ਜਾਓ, ਔਰੰਗਜੇਬ ਨੂੰ ਜਾ ਕੇ ਕਹਿ ਦਿਓ, ਪਹਿਲਾਂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ । ਇਸ ਸਮੇ ਦਰਬਾਰ ਵਿੱਚ ਗੁਰੂ ਜੀ ਦੇ ਕੇਵਲ 9 ਸਾਲਾਂ ਦੇ ਬਾਲ ਪੁੱਤਰ ਗੋਬਿੰਦ ਰਾਏ ਵੀ ਹਾਜ਼ਰ ਸਨ ਅਤੇ ਉਹ ਪਿਤਾ ਦੇ ਇਸ ਫ਼ੈਸਲੇ ਤੋਂ ਬਹੁਤ ਹੀ ਪ੍ਰਸੰਨ ਅਤੇ ਪ੍ਰਭਾਵਿਤ ਹੋਏ । ਗੁਰੂ ਤੇਗ ਬਹਾਦਰ ਜੀ ਆਪਣੇ ਵੱਲੋਂ ਲਏ ਇਸ ਫ਼ੈਸਲੇ ਤੇ ਬਾਲ ਪੁੱਤਰ ਗੋਬਿੰਦ ਰਾਏ ਦੇ ਖੁਸ਼ ਹੋਣ ਤੇ ਉਸਦੀ ਸੂਝ - ਬੂਝ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਗੋਬਿੰਦ ਰਾਏ ਨੂੰ ਆਪਣੇ ਉੱਤਰਾਧਿਕਾਰੀ ਹੋਣ ਦੇ ਯੋਗ ਸਮਝਦਿਆਂ 8 ਜੁਲਾਈ 1675 ਈਸਵੀ ਨੂੰ ਗੁਰਗੱਦੀ ਸੌਂਪ ਦਿੱਤੀ ।

ਕਸ਼ਮੀਰੀ ਪੰਡਿਤਾਂ ਦਾ ਸੁਨੇਹਾ ਮਿਲਣ ਤੇ ਗੁਰੂ ਤੇਗ ਬਹਾਦਰ ਨੂੰ ਦਿੱਲੀ ਦਰਬਾਰ ਪੇਸ਼ ਹੋਣ ਦਾ ਹੁਕਮ ਹੋ ਗਿਆ । ਗੁਰੂ ਤੇਗ ਬਹਾਦਰ ਆਪਣੇ ਪੁੱਤਰ ਨੂੰ ਗੱਦੀ ਸੌਂਪ ਕੇ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਆਪਣੇ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ । ਆਪਣੇ ਧਰਮ ਦੇ ਨਸ਼ੇ ਵਿੱਚ ਚੂਰ ਹੋਏ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਧਰਮ ਪ੍ਰੀਵਰਤਨ ਲਈ ਬਹੁਤ ਪ੍ਰੇਰਿਆ । ਉਸਨੇ ਗੁਰੂ ਜੀ ਨੂੰ ਡਰਾਉਣ ਲਈ ਪਹਿਲਾਂ ਮਤੀ ਦਾਸ ਨੂੰ ਆਰੇ ਨਾਲ ਚੀਰਨ ਦਾ ਹੁਕਮ ਦਿੱਤਾ

ਅਤੇ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿੱਚ ਸੁੱਟਿਆ ।

ਪਰ ਗੁਰੂ ਜੀ ਬੇਖੌਫ ਹੋਏ ਆਪਣੇ ਧਰਮ ਤੇ ਅਡੋਲ ਡੱਟੇ ਰਹੇ । ਔਰੰਗਜੇਬ ਗੁਰੂ ਜੀ ਦੀ ਜਿੱਦ ਦੇਖ ਕੇ ਕ੍ਰੋਧ ਵਿੱਚ ਆ ਗਿਆ ਅਤੇ ਸਿਰ ਧੜ ਤੋਂ ਅਲੱਗ ਕਰਨ ਦਾ ਹੁਕਮ ਦਿੱਤਾ ਅਤੇ ਇਸ ਤਰਾਂ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ।

ਇਸ ਅਸਥਾਨ ਤੇ ਅੱਜਕੱਲ ਗੁਰਦੁਆਰਾ ਸੀਸ ਗੰਜ ਸਾਹਿਬ ਸੁਸ਼ੋਭਿਤ ਹੈ, ਜਿੱਥੇ ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ ।


ਦਸਮ ਪਿਤਾ ਦਾ ਅਕਾਲ ਚਲਾਣਾ :
ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦਾ ਕਾਫ਼ਲਾ 25 ਜੂਨ 1708 ਤੋਂ ਬਾਦ ਤਾਪਤੀ ਦਰਿਆ ਪਾਰ ਕਰਨ ਮਗਰੋਂ ਅਲੱਗ - ਅਲੱਗ ਹੋ ਗਿਆ । ਬਹਾਦਰ ਸ਼ਾਹ ਵੱਲੋਂ ਆਪਣੇ ਬਚਨਾਂ ਤੋਂ ਮੁੱਕਰ ਜਾਣ ਮਗਰੋਂ ਗੁਰੂ ਜੀ ਬਾਦਸ਼ਾਹ ਦਾ ਸਾਥ ਛੱਡ ਗਏ । ਗੁਰੂ ਜੀ ਨੇ ਨਾਂਦੇੜ ਰੁਕ ਕੇ ਡੇਰਾ ਲਗਾ ਲਿਆ ਅਤੇ 24 ਅਗਸਤ 1708 ਈਸਵੀ ਨੂੰ ਬਾਦਸ਼ਾਹ ਦਰਿਆ ਬਾਣ ਗੰਗਾ ਪਾਰ ਕਰਕੇ ਚਲਾ ਗਿਆ । ਇੱਥੇ ਹੀ ਵਿਸ਼ਰਾਮ ਲਈ ਰੁਕਣ ਸਮੇ ਗੁਰੂ ਜੀ 3 ਸਤੰਬਰ 1708 ਈਸਵੀ ਨੂੰ ਮਾਧੋ ਦਾਸ ਬੈਰਾਗੀ ਨੂੰ ਮਿਲੇ । ਉਹ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ।ਗੁਰੂ ਸਾਹਿਬ ਤੋਂ ਪੰਜਾਬ ਵਿੱਚ ਮੁਗਲਾਂ ਦੇ ਅੱਤਿਆਚਾਰ ਦੀ ਵਿਥਿਆ ਸੁਣਕੇ ਉਸਦੇ ਮਨ ਨੂੰ ਬਹੁਤ ਠੇਸ ਪੁੱਜੀ । ਮਾਧੋ ਦਾਸ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਮੁਗਲਾਂ ਨੂੰ ਸੋਧ ਕੇ ਬਦਲਾ ਲੈਣ ਦੀ ਆਗਿਆ ਮੰਗੀ । ਗੁਰੂ ਜੀ ਨੇ ਮਾਧੋ ਦਾਸ ਨੂੰ ਗੁਰੂ ਕਾ ਸਿੰਘ ਸਾਜ ਕੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਘੱਲਿਆ । ਨੰਦੇੜ ਤੋਂ 5 ਅਕਤੂਬਰ 1708 ਨੂੰ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕੂਚ ਕੀਤਾ । ਇਸੇ ਦਿਨ ਗੁਰੂ ਜੀ ਜਦੋਂ ਸੌਂ ਰਹੇ ਸੀ, ਜਮਸ਼ੇਦ ਖਾਨ ਪਠਾਣ ਨੇ ਉਨ੍ਹਾਂ ਵੱਖੀ ਵਿੱਚ ਜਮਧਾਰ ਨਾਲ ਲਗਾਤਾਰ ਤਿੰਨ ਵਾਰ ਹਮਲਾ ਕਰਕੇ ਗੁਰੂ ਜੀ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ । ਗੁਰੂ ਸਾਹਿਬ ਨੇ ਜਮਸ਼ੇਦ ਖਾਨ ਉੱਤੇ ਤੁਰੰਤ ਮੋੜਵਾਂ ਵਾਰ ਕਰਕੇ ਉਸਨੂੰ ਮਾਰ ਦਿੱਤਾ । ਗੁਰੂ ਸਾਹਿਬ ਨੂੰ ਇਸ ਹਮਲੇ ਵਿੱਚ ਡੂੰਘੇ ਜਖਮ ਆ ਗਏ । ਗੁਰੂ ਸਾਹਿਬ ਆਪਣੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਆਖਰ 7 ਅਕਤੂਬਰ 1708 ਦੀ ਕੁਲਹਿਣੀ ਸਵੇਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਤਿਆਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਇੱਥੇ ਹੀ ਗੋਦਾਵਰੀ ਨਦੀ ਕੰਢੇ ਆਪ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।