ਪੰਜਾਬੀ ਭਾਸ਼ਾ ਦਾ ਇਤਿਹਾਸ

ਮਾਂ-ਬੋਲੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਦੇ ਕੰਨੋਂ ਸਾਨੂੰ ਸੁਣਨ ਵਾਲੇ ਬੋਲ ਮਾਂ-ਬੋਲੀ ਹੁੰਦੀ ਹੈ। ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਂ ਇੱਕ ਵੱਖਰੇ ਹੀ ਮਮਤਾ ਭਰੇ ਅੰਦਾਜ਼ ਵਿੱਚ ਆਪਣੇ ਬੱਚੇ ਨੂੰ ਲਾਡ ਲੜਾਉਂਦੀ ਹੈ। ਅੱਗੋਂ ਬੱਚਾ ਵੀ ਮਾਂ ਦੀ ਬੋਲੀ ਨੂੰ ਇੱਕ ਤਰਾਂ ਨਾਲ ਸਮਝਦਾ ਹੋਇਆ ਆਪਣੀ ਤੋਤਲੀ ਆਵਾਜ ਨਾਲ ਮੁਸਕਰਾਹਟਾਂ ਬਿਖੇਰਦਾ ਹੋਇਆ ਲੱਤਾਂ-ਬਾਹਵਾਂ ਮਾਰ ਕੇ ਜਿਵੇਂ ਆਪਣੀ ਮਾਂ ਦੀ ਬੋਲੀ ਨੂੰ ਸਮਝਦਾ ਹੈ । ਇਸ ਤਰਾਂ ਇਨਸਾਨ ਆਪਣੇ ਬਚਪਨ ਦਾ ਆਪਣੀ ਮਾਂ ਦੀ ਗੋਦੀ ਦਾ ਨਿੱਘ ਮਾਣਦਾ ਹੋਇਆ ਆਪਣੇ ਬਚਪਨ ਦੀ ਆਯੂ ਵਿੱਚੋਂ ਬਾਹਰ ਆਉਂਦਾ ਹੈ। ਆਪਣੀ ਮਾਂ ਕੋਲੋਂ ਬਾਲ ਅਵਸਥਾ ਵਿੱਚ ਸਿੱਖੀ ਗਈ ਬੋਲੀ ਪੰਜਾਬੀ ਭਾਸ਼ਾ ਵਿੱਚ ਮਾਂ-ਬੋਲੀ ਅਖਵਾਉਂਦੀ ਹੈ। ਦੂਸਰੇ ਸ਼ਬਦਾਂ ਵਿੱਚ ਜਿਸ ਬੋਲੀ ਨੂੰ ਵਿਅਕਤੀ ਸਭ ਤੋਂ ਪਹਿਲਾਂ ਬੋਲਣਾ ਸਿੱਖਿਆ ਹੋਵੇ ਜਾਂ ਚੰਗੀ ਤਰਾਂ ਜਾਣਦਾ ਹੋਵੇ, ਉਸਦੀ ਮਾਂ ਬੋਲੀ ਆਖਿਆ ਜਾ ਸਕਦਾ ਹੈ।

ਕਈ ਦੇਸ਼ਾਂ ਵਿੱਚ ਮਾਂ-ਬੋਲੀ ਨੂੰ ਉਸ ਦੇਸ਼ ਜਾਂ ਖਿੱਤੇ ਦੇ ਲੋਕਾਂ ਦੇ ਸਮੂਹ ਦੀ ਲੋਕ- ਬੋਲੀ ਵੀ ਆਖ ਲਿਆ ਜਾਂਦਾ ਹੈ। ਕਈ ਵਾਰ ਦੋ-ਭਾਸ਼ੀ ਮਾਪਿਆਂ ਦੇ ਬੱਚੇ ਦੋ ਵੱਖ-ਵੱਖ ਬੋਲੀਆਂ ਦਾ ਗਿਆਨ ਪ੍ਰਾਪਤ ਕਰ ਲੈਂਦੇ ਹਨ ਅਤੇ ਇਸ ਤਰਾਂ ਇਸ ਅਵਸਥਾ ਵਿੱਚ ਉਨ੍ਹਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਮਾਂ-ਬੋਲੀਆਂ ਜਾਂ ਮੂਲ-ਭਾਸ਼ਾਵਾਂ ਵੀ ਹੋ ਸਕਦੀਆਂ ਹਨ । ਅਰਥਾਤ ਮਨੁੱਖ ਆਪਣੀ ਮਾਂ-ਬੋਲੀ ਤੋਂ ਬਿਨਾ ਜੋ ਕੋਈ ਦੂਸਰੀ ਬੋਲੀ ਬੋਲਦਾ ਹੈ ਉਸਨੂੰ ਉਸਦੀ ਦੂਜੀ ਭਾਸ਼ਾ ਕਿਹਾ ਜਾਂਦਾ ਹੈ । ਪੰਜਾਬੀ ਬੋਲੀ ਪੰਜਾਬ ਅਤੇ ਖਾਸਕਰ ਸਮੁੱਚੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਹਰਮਨ ਪਿਆਰੀ ਅਤੇ ਸਤਿਕਾਰਤ ਬੋਲੀ ਵਜੋਂ ਜਾਣੀ ਜਾਂਦੀ ਹੈ। ਸਿੱਖ ਧਰਮ ਵਿੱਚ ਪੰਜਾਬੀ ਬੋਲੀ ਗੁਰੂਆਂ ਦੇ ਮੁੱਖੋਂ ਉਚਾਰਣ ਕੀਤੀ ਹੋਈ ਹੋਣ ਕਰਕੇ ਇਸਨੂੰ ‘ਗੁਰਮੁੱਖੀ’ ਦੇ ਨਾਂ ਨਾਲ ਆਦਰ ਸਹਿਤ ਸੰਬੋਧਿਤ ਕੀਤਾ ਜਾਂਦਾ ਹੈ। ਸਿੱਖਾਂ ਦੇ ਧਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁੱਖੀ ਲਿੱਪੀ ਵਿੱਚ ਕੀਤੀ ਹੋਣ ਕਾਰਨ ਗੁਰਬਾਣੀ ਦਾ ਗਾਇਨ ਗੁਰਮੁੱਖੀ ਬੋਲੀ ਵਿੱਚ ਕੀਤਾ ਜਾਂਦਾ ਹੈ। ਇਸ ਕਰਕੇ ਗੁਰਮੁੱਖੀ ਨੂੰ ਸਿੱਖ ਧਰਮ ਦੀ ਧਾਰਮਿਕ ਬੋਲੀ ਜਾਂ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ। ਇਥੇ ਹੀ ਬਸ ਨਹੀਂ, ਪੰਜਾਬੀ ਸੱਭਿਆਚਾਰ ਦਾ ਪੰਜਾਬੀ ਬੋਲੀ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ ਹੈ। ਪੰਜਾਬ ਦੇ ਲੋਕ-ਰੰਗ ਗਿੱਧਾ, ਭੰਗੜਾ, ਤੀਆਂ, ਮੇਲੇ, ਰੁੱਤਾਂ ਆਦਿ ਸਭ ਪੰਜਾਬੀ ਬੋਲੀ ਬਿਨਾ ਫਿੱਕੇ - ਫਿੱਕੇ ਜਾਪਦੇ ਹਨ। ਹੇਅਰੇ, ਗੀਤਾਂ, ਸਿੱਠਣੀਆਂ ਬਿਨਾ ਵਿਆਹ ਅਤੇ ਪੰਜਾਬ ਦੇ ਸ਼ਗਨ ਵਿਹਾਰ ਤਾਂ ਸੱਚਮੁੱਚ ਪ੍ਰਵਾਨ ਹੀ ਨਹੀਂ ਚੜ੍ਹਦੇ ।

ਉੱਘੇ ਪੰਜਾਬੀ ਲੇਖਕ ਪ੍ਰਤਾਪ ਸਿੰਘ ਕੈਰੋਂ ਅਨੁਸਾਰ “ ਪੰਜਾਬੀ ਬੋਲੀ ਬੜਿਆਂ ਝੱਖੜਾਂ, ਤੂਫਾਨਾਂ ਅਤੇ ਮੁਸੀਬਤਾਂ ਵਿੱਚ ਤੀਰਾਂ ਤੇ ਨੇਜਿਆਂ ਦੇ ਗੀਤ ਗਾਏ ਨੇ । ਜੰਗਲ਼ਾਂ, ਬੇਲਿਆਂ ਤੇ ਮਾਰੂਥਲਾਂ ਵਿੱਚ ਰੋਮਾਂਚਿਕ ਢੋਲੇ ਗਾਏ ਨੇ । ਇਸਨੇ ਸੂਰਮਿਆਂ, ਯੋਧਿਆਂ ਅਤੇ ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰਜਾਂ ਪਾਈਆਂ ਨੇ । ਇਸ ਬੋਲੀ ਨੇ ਭਗਤ ਬਾਣੀ, ਗੁਰੂ ਬਾਣੀ ਅਤੇ ਪ੍ਰੇਮ ਭਗਤੀ ਦਾ ਰਾਗ ਅਲਾਪਿਆ ਹੈ । ਮੁੱਕਦੀ ਗੱਲ, ਪੰਜਾਬੀ ਬੋਲੀ ਰਣਭੂਮੀ, ਦੇਸ਼ ਭਗਤੀ, ਪ੍ਰਭੂ ਭਗਤੀ ਤੇ ਪ੍ਰੇਮ ਭਗਤੀ ਦਾ ਮੁਜੱਸਮਾ ਹੈ। “ ਜੇਕਰ ਅਸੀਂ ਪੰਜਾਬੀ ਦੇ ਮੁਢਲੇ ਇਤਿਹਾਸ ਨੂੰ ਵਾਚੀਏ ਤਾਂ ਪੂਰੇ ਦੱਖਣੀ ਏਸ਼ੀਆ ਦੀਆਂ ਦੂਸਰੀਆਂ ਵੱਖਰੀਆਂ-ਵੱਖਰੀਆਂ ਬੋਲੀਆਂ ਦੀ ਤਰਾਂ ਹੀ ਪੰਜਾਬੀ ਦੀ ਵੀ ਇੱਕ ਹਿੰਦ - ਆਰੀਆ ਬੋਲੀ ਹੋਣ ਦੀ ਜਾਣਕਾਰੀ ਮਿਲਦੀ ਹੈ । ਇਸਦਾ ਭਾਸ਼ਾਈ ਪਿਛੋਕੜ ਵੈਦਿਕ ਸੰਸਕ੍ਰਿਤ ਨਾਲ ਮਿਲਦਾ ਦੱਸਿਆ ਜਾਂਦਾ ਹੈ । ਇਤਿਹਾਸਕਾਰਾਂ ਅਨੁਸਾਰ ਆਰੀਆ ਸਮਾਜ ਦੇ ਲੋਕਾਂ ਨੇ ਕੋਈ 1500 ਪੂ. ਈ. ਵਿੱਚ ਸਾਰੇ ਪੰਜਾਬ ਵਿੱਚ ਪੂਰੀ ਤਰਾਂ ਪੈਰ ਪਸਾਰ ਲਏ ਸਨ । ਉਹਨਾਂ ਦੇ ਅੰਦਾਜ਼ੇ ਅਨੁਸਾਰ ਪੰਜਾਬੀ ਤਕਰੀਬਨ 3500 ਸਾਲ ਪੁਰਾਣੀ ਭਾਸ਼ਾ ਹੈ ।

ਪੰਜਾਬੀ ਦੁਨੀਆ ਦੇ ਜਿਹੜੇ - ਜਿਹੜੇ ਵੀ ਮੁਲਕਾਂ ਵਿੱਚ ਵਸੇ ਹੋਏ ਹਨ, ਉਹਨਾਂ ਮੁਲਕਾਂ ਵਿੱਚ ਪੰਜਾਬੀ ਬੋਲੀ ਨੂੰ ਘੱਟ ਗਿਣਤੀ ਭਾਸ਼ਾ ਦੀ ਬੋਲੀ ਦੇ ਵਜੋਂ ਜਾਣਿਆ ਜਾਂਦਾ ਹੈ । ਪਰ ਕਨੇਡਾ ਵਿੱਚ ਪੰਜਾਬੀਆਂ ਦੀ ਬਹੁਗਿਣਤੀ ਵਿੱਚ ਵਸੋਂ ਹੋਣ ਕਰਕੇ ਕਨੇਡਾ ਦੀ ਸਾਲ 2011 ਈ. ਦੀ ਮਰਦੁਮਸ਼ਮਾਰੀ ਅਨੁਸਾਰ ਪੰਜਾਬੀ ਇਥੋਂ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਤੀਜੇ ਨੰਬਰ ਦੀ ਆਮ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ । ਸਮੇ ਦੇ ਬਦਲਾਅ ਨੇ ਵੀ ਪੰਜਾਬੀ ਬੋਲੀ ਉੱਤੇ ਆਪਣਾ ਕਾਫ਼ੀ ਪ੍ਰਭਾਵ ਪਾਇਆ ਹੈ । ਸੰਨ 1947 ਦੀ ਭਾਰਤ-ਪਾਕ ਵੰਡ ਨਾਲ ਅਸਲ ਪੁਰਾਤਨ ਪੰਜਾਬ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਨਾਵਾਂ ਦੇ ਦੋ ਪੰਜਾਬਾਂ ਵਿੱਚ ਵੰਡਿਆ ਗਿਆ । ਇਸਦੇ ਨਾਲ ਪੰਜਾਬੀ ਬੋਲੀ ਨਾਲ ਜੁੜੇ ਸੱਭਿਆਚਾਰ ਅਤੇ ਸਮਾਜਕ ਵੰਨਗੀਆਂ ਵਿੱਚ ਵੀ ਵੰਡੀਆਂ ਪੈ ਗਈਆਂ । ਆਧੁਨਿਕ ਯੁੱਗ ਵਿੱਚ ਆਏ ਨਵੀਨੀਕਰਨ ਅਤੇ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਆ ਕੇ ਆਧੁਨਿਕ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੂਸਰੀਆਂ ਹੋਰ ਅੰਗਰੇਜ਼ੀ , ਹਿੰਦੀ ਆਦਿ ਜਿਹੀਆਂ ਭਾਸ਼ਾਵਾਂ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ। ਪੰਜਾਬੀ ਦਾ ਅੰਗਰੇਜ਼ੀ ਭਾਸ਼ਾ ਵਾਂਗ ਪੂਰੇ ਵਿਸ਼ਵ ਵਿੱਚ ਪ੍ਰਸਾਰ ਹੋ ਗਿਆ ਹੈ । ਇਸ ਲਈ ਇਸ ਵਿੱਚ ਉੱਥੋਂ ਦੇ ਵੱਖ ਵੱਖ ਲੋੜੀਂਦੇ ਸ਼ਬਦਾਂ ਦਾ ਮਿਲਾਨ ਹੋ ਗਿਆ ਹੈ । ਜਦੋਂ ਕਿ ਜਿਆਦਾਤਰ ਬਹੁਤੇ ਸ਼ਬਦ ਹਿੰਦੀ ਅਤੇ ਉਰਦੂ ਭਾਸ਼ਾ ਵਿੱਚੋਂ ਸ਼ਾਮਿਲ ਹੋਏ ਹਨ । ਪਰ ਸਾਨੂੰ ਗਹੁ ਨਾਲ ਸਮਝਣ ਤੇ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਵਿੱਚ ਡੱਚ ਅਤੇ ਸਪੈਨਿਸ਼ ਭਾਸ਼ਾ ਦੇ ਸ਼ਬਦ ਵੀ ਕਈ ਜਗ੍ਹਾ ਪੜ੍ਹਨ ਅਤੇ ਸੁਣਨ ਨੂੰ ਮਿਲਦੇ ਹਨ ।

ਸੰਸਾਰ ਭਰ ਦੀਆਂ ਬੋਲੀਆਂ ਦੀ ਜਾਣਕਾਰੀ ਦੇਣ ਵਾਲੇ ਵਿਸ਼ਵਗਿਆਨਕੋਸ਼ ‘ਐਥਨੋਲੋਗ’ ਅਨੁਸਾਰ ਪੂਰੀ ਦੁਨੀਆ ਵਿੱਚ 8.8 ਕਰੋੜ ਵਿਅਕਤੀ ਪੰਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰਜਾਬੀ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਮੰਨਿਆ ਗਿਆ ਹੈ । ਭਾਰਤ ਦੀ 2011 ਦੀ ਮਰਦੁਮਸ਼ਮਾਰੀ ਅਨੁਸਾਰ ਸਮੁੱਚੇ ਭਾਰਤ ਵਿੱਚ 3,11,44,095 ਲੋਕ ਪੰਜਾਬੀ ਬੋਲਦੇ ਹਨ ਅਤੇ ਪਾਕਿਸਤਾਨ ਦੀ 2008 ਦੀ ਮਰਦੁਮਸ਼ਮਾਰੀ ਅਨੁਸਾਰ ਪੂਰੇ ਪਾਕਿਸਤਾਨ ਵਿੱਚ 76,334,300 ਲੋਕ ਪੰਜਾਬੀ ਬੋਲਦੇ ਹਨ ।

ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਇੰਨੀ ਵੱਡੀ ਤਾਦਾਦ ਦੇ ਅੰਕੜੇ ਇਹ ਸਿੱਧ ਕਰਦੇ ਹਨ ਕਿ ਪੰਜਾਬੀ ਬੋਲੀ ਸੰਸਾਰ ਦੀਆਂ ਪਹਿਲੀਆਂ 10 ਪ੍ਰਮੁੱਖ ਹਰਮਨ ਪਿਆਰੀਆਂ ਬੋਲੀਆਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਰੱਖਦੀ ਹੈ । ਭਾਵੇਂ ਕਿ ਭਾਰਤ ਵਿੱਚ ਜੁਲਾਈ 1951 ਦੀ ਮਰਦੁਮਸ਼ਮਾਰੀ ਸਮੇ ਪੰਜਾਬ ਵਿੱਚ ਉਸ ਵਕਤ ਮੌਜੂਦ ਇੱਕ ਮਹਾਸਾ ਪ੍ਰਿੰਟਿੰਗ ਪ੍ਰੈੱਸ ਵਲੋਂ ਪੰਜਾਬ ਦੇ ਹਿੰਦੂ ਪੰਜਾਬੀ ਲੋਕਾਂ ਦੀ ਮਾਂ-ਬੋਲੀ ਪੰਜਾਬੀ ਨੂੰ ਉਹਨਾਂ ਦੀ ਮਾਂ-ਬੋਲੀ ਹਿੰਦੀ ਵਿੱਚ ਤਬਦੀਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ। ਉਸ ਸਮੇ ਉਸਨੂੰ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਸੰਨ੍ਹ ਲਗਾਉਣ ਵਿੱਚ ਕਾਫ਼ੀ ਹੱਦ ਤੱਕ ਸਫਲਤਾ ਵੀ ਮਿਲ ਗਈ ਸੀ । ਇਸੇ ਕਾਰਨ 1951 ਦੀ ਮਰਦੁਮਸ਼ਮਾਰੀ ਵੇਲੇ ਹਰ ਸਿੱਖ ਨੇ ਆਪਣੀ ਮਾਂ-ਬੋਲੀ ਨੂੰ ਪੰਜਾਬੀ ਲਿਖਵਾਇਆ ਸੀ ਅਤੇ ਹਰ ਹਿੰਦੂ ਨੇ ਆਪਣੀ ਮਾਂ-ਬੋਲੀ ਨੂੰ ਹਿੰਦੀ ਲਿਖਵਾਇਆ ਸੀ ।