ਬਠਿੰਡਾ, 16 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਬਠਿੰਡਾ ਵਿਖੇ ਇੱਕ ਪ੍ਰਾਈਵੇਟ ਵਿਅਕਤੀ ਰਸ਼ਿਮ ਗਰਗ, ਵਾਸੀ ਸਮਾਣਾ, ਜਿਲਾ ਪਟਿਆਲਾ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਨੇੜਲਾ ਸਾਥੀ ਦੱਸਦਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਘੁੱਦਾ, ਬਲਾਕ ਸੰਗਤ, ਜਿਲਾ ਬਠਿੰਡਾ ਦੀ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੇ ਅਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤ ਸਰਪੰਚ ਤੇ ਉਸਦੇ ਪਤੀ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਇਲਜਾਮ ਲਾਇਆ ਕਿ ਗ੍ਰਾਮ ਪੰਚਾਇਤ ਘੁੱਦਾ ਨੂੰ 15ਵੇਂ ਵਿੱਤ ਕਮਿਸ਼ਨ ਤਹਿਤ ਬਲਾਕ ਸੰਮਤੀ ਰਾਹੀਂ ਪ੍ਰਾਪਤ 25 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਨੂੰ ਬੀਡੀਪੀਓ ਤੋਂ ਰਿਲੀਜ ਕਰਾਉਣ ਬਦਲੇ ਉਕਤ ਮੁਲਜ਼ਮ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਪਰ ਉਹ ਇਸ ਕੰਮ ਲਈ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦੀ ਪਰ ਉਹ ਮਜਬੂਰਨ ਉਸ ਕੋਲੋਂ ਪਹਿਲੀ ਕਿਸ਼ਤ ਵਜੋਂ 50, 000 ਰੁਪਏ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੀ ਰਿਸ਼ਵਤ ਦੀ ਰਕਮ ਲੈਣ ਲਈ ਵਾਰ ਵਾਰ ਮੰਗ ਕਰ ਰਿਹਾ ਹੈ। ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 4 ਲੱਖ ਰੁਪਏ ਰਿਸ਼ਵਤ ਦੀ ਰਕਮ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ