ਬੱਬੇਹਾਲੀ, 5 ਜੁਲਾਈ 2024 : ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਬਜ਼ੁਰਗ ਭਰਾਵਾਂ ਦੀ ਮੌਤ ਹੋ ਗਈ। ਦੋਵੇਂ ਭਰਾ ਮੋਟਰਸਾਈਕਲ 'ਤੇ ਕਸਬਾ ਕਾਦੀਆਂ ਦੇ ਪਿੰਡ ਖਰੇ ਵਿਖੇ ਆਪਣੀ ਭੈਣ ਦੇ ਭੋਗ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਬਲ ਦੇ ਮੁਲਾਜ਼ਮਾਂ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਇਕ ਲੜਕੇ ਨੇ ਦੱਸਿਆ ਕਿ ਉਸ ਦਾ ਪਿਤਾ ਬਲਕਾਰ ਸਿੰਘ (70 ਸਾਲ) ਅਤੇ ਉਸ ਦਾ ਚਾਚਾ ਗੁਰਮੇਜ ਸਿੰਘ (80 ਸਾਲ) ਪਿੰਡ ਸ਼ਹੂਰ ਕਲਾਂ ਦੇ ਰਹਿਣ ਵਾਲੇ ਹਨ ਅਤੇ ਕਾਦੀਆਂ ਦੇ ਪਿੰਡ ਖਰੇ ਵਿਖੇ ਭੈਣ ਦੇ ਭੋਗ ਵਿਚ ਸ਼ਾਮਲ ਹੋਣ ਜਾ ਰਹੇ ਸਨ। ਪਰਿਵਾਰ ਨੂੰ ਕਿਸੇ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਦੋਵੇਂ ਭਰਾ ਸੜਕ ਹਾਦਸੇ 'ਚ ਮਾਰੇ ਗਏ ਹਨ। ਮ੍ਰਿਤਕਾ ਦੇ ਪੁੱਤ ਨੇ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਉਤੇ ਜਾਂਦੇ ਦੋਵਾਂ ਉਤੇ ਦਰੱਖਤ ਦੀ ਟਾਹਣੀ ਟੁੱਟ ਕੇ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਉਸ ਨੂੰ ਅਜਿਹਾ ਨਹੀਂ ਲੱਗ ਰਿਹਾ। ਕਿਸੇ ਵਾਹਨ ਨੇ ਉਨ੍ਹਾਂ ਨੂੰ ਸਾਈਡ ਮਾਰੀ ਹੈ, ਜਿਸ ਕਾਰਨ ਦੋਵੇਂ ਭਰਾਵਾਂ ਦੀ ਮੌਤ ਹੋ ਗਈ, ਇਸ ਲਈ ਪੁਲਿਸ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ। ਮੌਕੇ 'ਤੇ ਪਹੁੰਚੇ ਰੋਡ ਸੇਫਟੀ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਫੈਦੇ ਦੇ ਦਰੱਖਤ ਦੀ ਟਾਹਣੀ ਟੁੱਟਣ ਕਾਰਨ ਵਾਪਰਿਆ, ਜਿਸ ਕਾਰਨ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।