ਕੁਰਾਲੀ, 27 ਸਤੰਬਰ : ਮੋਹਾਲੀ ਦੇ ਨੇੜਲੇ ਕੁਰਾਲੀ ‘ਚ ਬਣੇ ਫੋਕਲ ਪੁਆਇੰਟ ਵਿੱਚ ਬਣੀ ਇੱਕ ਕੈਮੀਕਲ ਫੇਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ 8 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, 5 ਨੂੰ ਇਲਾਜ ਲਈ ਕੁਰਾਲੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਦੋ ਵਿਅਕਤੀਆਂ ਦੀ ਹਾਲਤ ਨੂੰ ਦੇਖਦਿਆਂ ਮੋਹਾਲੀ ਵਿਖੇ ਰੈਫਰ ਕਰ ਦਿੱਤਾ ਗਿਆ। ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਅੱਗ ਲੱਗਦੇ ਹੀ ਪੂਰੇ ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ 'ਤੇ ਮੌਜੂਦ ਹਨ। ਫੈਕਟਰੀ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਅੱਖਾਂ ਵਿਚ ਜਲਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ। ਕੈਮੀਕਲ ਫੈਕਟਰੀ ਕਾਰਨ ਇਥੇ ਸਥਿਤੀ ਕਾਫੀ ਚਿੰਤਾਜਨਕ ਬਣ ਚੁੱਕੀ ਹੈ ਕਿਉਂਕਿ ਇਸ ਦੇ ਨੇੜੇ ਹੀ ਹੋਰ ਫੈਕਟਰੀਆਂ ਹਨ। ਅਜਿਹੇ 'ਚ ਜੇਕਰ ਅੱਗ ਫੈਲਦੀ ਹੈ ਤਾਂ ਇਲਾਕੇ 'ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਮੁੱਖ ਮੰਤਰੀ ਮਾਨ ਨੇ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਕੁਰਾਲੀ ‘ਚ ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਦੀ ਦੁਰਘਟਨਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੰਦਰ ਫਸੇ ਕਈ ਵਰਕਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਉਹ ਪ੍ਰਸ਼ਾਸ਼ਨ ਨਾਲ ਸੰਪਰਕ ਵਿੱਚ ਹਨ, ਰੈਸਕਿਊ ਟੀਮਾਂ ਮੌਕੇ ਤੇ ਮੌਜ਼ੂਦ ਹਨ। ਅਖੀਰ ਵਿੱਚ ਮੁੱਖ ਮੰਤਰੀ ਨੇ ਸਭ ਦੀ ਤੰਦਰੁਸਤੀ ਦੀ ਸਲਾਮਤੀ ਦੀ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।