- ਵਿਚਾਰਧਾਰਕ ਮੱਤਭੇਦ ਆਪਣੇ ਥਾਂ ਪਰ ਕਾਲੇ ਕਨੂੰਨ ਮਨਜ਼ੂਰ ਨਹੀਂ “
- ਅਕਾਲੀ ਦਲ ਅਮਨ ਤੇ ਭਾਈਚਾਰਕ ਸਾਂਝ ਦਾ ਮੁਦਈ :
- ਇਸ ਤੋਂ ਬਿਨਾ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਸੰਭਵ ਹੀ ਨਹੀਂ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 20 ਜੂਨ 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਵਿਰੁਧ ਲਗਾਏ ਐਨ ਐੱਸ ਏ ਵਿਚ ਵਾਧੇ ਦਾ ਸਪੱਸ਼ਟ ਤੇ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਿਸ ਨਾਲ ਉਸਦਾ ਸਿੱਖ ਵਿਰੋਧੀ ਦੋਗਲਾ ਚਹਿਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਇੱਥੇ ਜਾਰੀ ਇਕ ਬਿਆਨ ਵਿਚ , ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਮਨ ਤੇ ਭਾਈਚਾਰਕ ਸਾਂਝ ਦਾ ਮੁਦਈ ਹੈ ਤੇ ਇਸ ਉੱਤੇ ਡੱਟ ਕੇ ਪਹਿਰਾ ਦਿੰਦਾ ਰਹੇਗਾ ਕਿਉਂਕਿ ਇਸ ਤੋਂ ਬਿਨਾ ਪੰਜਾਬ ਵਿਚ ਖੁਸ਼ਹਾਲੀ ਤਰੱਕੀ ਤੇ ਵਿਕਾਸ ਸੰਭਵ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਨਾਲ ਪਾਰਟੀ ਦੇ ਵਿਚਾਰਧਾਰਕ ਮਤਭੇਦਾਂ ਤੋਂ ਉਪਰ ਉਠ ਕੇ ਸਪੱਸ਼ਟ ਸਟੈਂਡ ਲੈਂਦਿਆ ਕਿਹਾ ਕਿ ਐਨ ਐੱਸ ਏ ਵਿਚ ਵਾਧੇ ਦਾ ਇਹ ਫ਼ੈਸਲਾ ਦੇਸ਼ ਵਿਚ ਸੰਵਿਧਾਨਿਕ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਬਾਦਲ ਨੇ ਕਿਹਾ ਕਿ ਮੈਂ ਪਹਿਲੋਂ ਭੀ ਇਹ ਸਪੱਸ਼ਟ ਕਰ ਚੁੱਕਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਗੁਰਬਾਣੀ ਰਾਹੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਸੂਲਾਂ ਉੱਤੇ ਚੱਲਣ ਵਾਲੀ ਪਾਰਟੀ ਹੈ ਭਾਵੇਂ ਸਾਨੂੰ ਇਸ ਦੀ ਕੋਈ ਭੀ ਸਿਆਸੀ ਕੀਮਤ ਚੁਕਾਉਣੀ ਪਏ “ ਅਸੀਂ ਸਿਆਸੀ ਨਫ਼ੇ ਨੁਕਸਾਨ ਤੋਂ ਉੱਪਰ ਉਠ ਕੇ ਅਸੂਲਾਂ ਦੀ ਸਿਆਸਤ ਨੂੰ ਵਚਨਬੱਧ ਹਾਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਮਨ , ਏਕਤਾ ਤੇ ਭਾਈਚਾਰਕ ਸਾਂਝ ਨੂੰ ਪੂਰੀ ਤਰਾਂ ਸਮਰਪਿਤ ਹੈ ਤੇ ਅਸੀਂ ਇਹ ਭੀ ਚਾਹੁੰਦੇ ਹਾਂ ਕਿ ਸਮੂਹ ਪਾਰਟੀਆਂ ਸਿਆਸੀ ਹਿਤਾਂ ਤੋਂ ਉਪਰ ਉਠ ਕੇ ਕਾਲੇ ਕਨੂਨਾਂ ਦਾ ਭੀ ਵਿਰੋਧ ਕਰਨ। ਭਾਈ ਅੰਮ੍ਰਿਤਪਾਲ ਸਿੰਘ ਨਾਲ ਸਾਡੇ ਵਿਚਾਰਧਾਰਿਕ ਮੱਤ ਭੇਦ ਆਪਣੀ ਥਾਂ ਹਨ , ਪਰ ਸਾਨੂੰ ਗੁਰੂ ਸਾਹਿਬਾਨ ਨੇ ਇਹ ਮਾਰਗ ਸਿਖਾਇਆ ਹੈ ਕਿ ਜ਼ੁਲਮ ਆਪਣੇ ਵਿਰੋਧੀ ਉਤੇ ਭੀ ਹੋਵੇ ਤਾਂ ਉਸ ਵਿਰੁਧ ਆਵਾਜ਼ ਬੁਲੰਦ ਕਰਨਾ ਖਾਲਸੇ ਦਾ ਫਰਜ਼ ਹੈ।