ਚੰਡੀਗੜ੍ਹ, 13 ਫਰਵਰੀ : ਖੇਡ ਵਿਭਾਗ ਪੰਜਾਬ ਨੇ ਸਾਲ 2020-21 ਤੇ 2021-22 ਦੌਰਾਨ ਤਮਗ਼ੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਕੋਚਾਂ ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨਵਿੱਚ ਕਿਹਾ ਕਿ ਸੂਬੇ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਵੱਲੋਂ ਜਿੱਥੇ ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਉਥੇ ਪਿਛਲੇ ਸਮੇਂ ਵਿੱਚ ਨਗਦ ਇਨਾਮਾਂ ਤੋਂ ਸੱਖਣੇ ਖਿਡਾਰੀਆਂ ਤੇ ਕੋਚਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਲਈ ਬਿਨੈ ਪੱਤਰ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਬਾਕੀ ਰਹਿੰਦੇ ਟੂਰਨਾਮੈਂਟਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਖਿਡਾਰੀ ਨਗਦ ਇਨਾਮ ਤੋਂ ਸੱਖਣਾ ਨਾ ਰਹੇ ਜਿਸ ਨੇ ਕਿਸੇ ਵੀ ਵੱਡੇ ਮੁਕਾਬਲੇ ਵਿੱਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਪਹਿਲੀ ਅਪਰੈਲ 2020 ਤੋਂ 31 ਮਾਰਚ 2021 ਤੱਕ (2020-21 ਸੈਸ਼ਨ) ਅਤੇ ਪਹਿਲੀ ਅਪਰੈਲ 2021 ਤੋਂ 31 ਮਾਰਚ 2022 ਤੱਕ (2021-22 ਸੈਸ਼ਨ) ਦੌਰਾਨ ਸੂਬਾਈ, ਕੌਮੀ ਤੇ ਕੌਮਾਂਤਰੀ ਪੱਧਰ ਉਤੇ ਤਮਗ਼ੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਕੋਚਾਂ ਜਿਨ੍ਹਾਂ ਵੱਲੋਂ ਤਿਆਰ ਕੀਤੇ ਖਿਡਾਰੀਆਂ ਨੇ ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਜਾਂ ਚਾਰ ਸਾਲ ਦੇ ਵਕਫ਼ੇ ਬਾਅਦ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਤਮਗ਼ੇ ਜਿੱਤੇ ਹਨ, ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਦੀ ਆਖਰੀ ਤਰੀਕ 6 ਮਾਰਚ 2023 ਹੈ। ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਦ ਇਨਾਮ ਨੀਤੀ ਸਬੰਧੀ ਟੂਰਨਾਮੈਂਟਾਂ ਦੀ ਸੂਚੀ, ਨਗਦ ਇਨਾਮ ਦੀ ਰਾਸ਼ੀ, ਯੋਗਤਾ ਅਤੇ ਬਿਨੈ ਪੱਤਰ ਲਈ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.pbsports.punjab.gov.in ਉਤੇ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਯੋਗ ਖਿਡਾਰੀ ਤੇ ਕੋਚ ਆਪਣਾ ਬਿਨੈ ਪੱਤਰ ਨਿਰਧਾਰਤ ਪ੍ਰੋਫਾਰਮੇ ਵਿੱਚ ਸਬੰਧਤ ਜ਼ਿਲਾ ਖੇਡ ਅਫਸਰ ਨੂੰ ਆਪਣੇ ਸਵੈ-ਤਸਦੀਕਸ਼ੁਦਾ ਸਰਟੀਫਿਕੇਟਾਂ ਸਮੇਤ ਹਲਫੀਆਂ ਬਿਆਨ 6 ਮਾਰਚ 2023 ਤੱਕ ਭੇਜਣ। ਇਸ ਮਿਤੀ ਤੋਂ ਬਾਅਦ ਵਿੱਚ ਪ੍ਰਾਪਤ ਹੋਣ ਵਾਲੇ ਬਿਨੈ ਪੱਤਰਾਂ ਉਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।