ਨਿੱਕੀਆਂ ਜਿੰਦਾਂ ਵੱਡੇ ਸਾਕੇ...ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ

ਸਿੱਖ ਇਤਿਹਾਸ ਵਿੱਚ ਪੋਹ ਸ਼ਹੀਦੀ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਜਿੱਥੇ ਇੱਕ ਪਾਸੇ ਇਹ ਘਟਨਾ ਮਨੁੱਖੀ ਜ਼ੁਲਮ ਦੀ ਭਿਆਨਕ ਤਸਵੀਰ ਪੇਸ਼ ਕਰਦੀ ਹੈ, ਉੱਥੇ ਦੂਜੇ ਪਾਸੇ ਧਾਰਮਿਕ ਅਜ਼ਾਦੀ ਲਈ ਸਾਹਿਬਜ਼ਾਦਿਆਂ ਦੇ ਸੰਘਰਸ਼ ਅਤੇ ਜ਼ੁਲਮ ਵਿਰੁੱਧ ਸਿੱਖ ਸਿਦਕ ਦੇ ਜਜ਼ਬੇ ਨੂੰ ਵੀ ਉਜਾਗਰ ਕਰਦੀ ਹੈ। 1704 ਈ: ਵਿੱਚ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਮੁਗਲ ਅਤੇ ਪਹਾੜੀ ਰਾਜਿਆਂ ਨੇ ਘੇਰ ਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਕ ਸਮਝੌਤਾ ਹੋਇਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ। ਜਦੋਂ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਮੁਗਲ ਅਤੇ ਪਹਾੜੀ ਰਾਜਿਆਂ ਨੇ ਆਪਣਾ ਸਮਝੌਤਾ ਤੋੜ ਦਿੱਤਾ ਅਤੇ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਉਹ ਸਰਸਾ ਨਦੀ ਦੇ ਕੋਲ ਪਹੁੰਚੇ ਤਾਂ ਗੁਰੂ ਸਾਹਿਬ, ਮੁਗਲ ਅਤੇ ਪਹਾੜੀ ਰਾਜਿਆਂ ਵਿੱਚ ਭਿਆਨਕ ਜੰਗ ਹੋ ਗਈ। ਜੰਗ ਕਰਦੇ ਹੋਏ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕੀਤੀ ਪਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਸਾ ਨੂੰ ਪਾਰ ਨਹੀਂ ਕਰ ਸਕੇ ਕਿਉਂਕਿ ਸਰਸਾ ਵਿੱਚ ਹੜ੍ਹ ਆ ਗਿਆ ਸੀ। ਜਿਸ ਕਾਰਨ ਮਾਤਾ ਗੁਜਰੀ ਜੀ ਆਪਣੇ ਪੋਤਿਆਂ ਕੋਲ ਇਕੱਲੇ ਰਹਿ ਗਏ ਅਤੇ ਪਰਿਵਾਰ ਤੋਂ ਵਿਛੜ ਗਏ। ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਉਸੇ ਥਾਂ ਉੱਤੇ ਸੁਸ਼ੋਭਿਤ ਹੈ। ਪਰਿਵਾਰ ਦੇ ਵਿਛੋੜੇ ਤੋਂ ਬਾਅਦ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦਾਦਾ ਮਾਤਾ ਗੁਜਰ ਕੌਰ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਗਏ ਜਿੱਥੇ ਮਾਤਾ ਗੁਜਰ ਕੌਰ ਆਪਣੇ ਰਸੋਈਏ ਗੰਗੂ ਬ੍ਰਾਹਮਣ ਸਮੇਤ ਕੁੰਮਣ ਮਾਸ਼ਕੀ ਕੋਲ ਸ਼ਰਨ ਲਈ। ਇਸੇ ਦੌਰਾਨ ਗੰਗੂ ਬ੍ਰਾਹਮਣ ਦੇ ਮਨ ਵਿੱਚ ਲਾਲਚ ਆ ਗਿਆ ਤੇ ਉਸ ਨੇ ਇਨਾਮ ਲੈਣ ਲਈ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਸਰਹਿੰਦ ਰਿਆਸਤ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਤੋਂ ਬਾਅਦ ਸਰਹਿੰਦ ਦੇ ਸੂਬੇ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਨੂੰ ਠੰਡੀਆਂ ਰਾਤਾਂ ਵਿੱਚ ਠੰਡੇ ਬੁਰਜ਼ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ।  ਸੂਬਾ ਸਰਹਿੰਦ ਦੀ ਕੈਦ ਦੌਰਾਨ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤਾ ਗਿਆ ਤੇ ਬਹੁਤ ਸਾਰੇ ਤਸੀਹੇ ਦਿੱਤੇ ਗਏ, ਪਰ ਉਹ ਆਪਣੇ ਧਰਮ ਲਈ ਅਡੋਲ ਰਹੇ। ਉਹਨਾਂ ਨੂੰ ਇਹ ਵੀ ਝੂਠ ਬੋਲਿਆ ਗਿਆ ਕਿ ਉਹਨਾਂ ਦੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕਰ ਦਿੱਤਾ ਗਿਆ ਹੈ ਤੇ ਹੁਣ ਉਹ ਕਿੱਥੇ ਜਾਣਗੇ। ਬੱਚਿਆਂ ਨੇ ਬਹਾਦਰੀ ਨਾਲ ਆਪਣਾ ਧਰਮ ਤਿਆਗਣ ਤੋਂ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਏ ਲਈ ਤੇ ਸਜ਼ਾ ਸੁਣਾਈ ਗਈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖਾਨ ਵੀ ਕੁਝ ਹੱਦ ਤੱਕ ਬੱਚਿਆਂ ਨੂੰ ਮਾਰਨ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਜੇ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੇ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ, ਮੈਂ ਇਹਨਾਂ ਸ਼ੀਰ-ਖੋਰਾਂ (ਦੁੱਧ ਪੀਣ ਵਾਲੇ ਬੱਚਿਆਂ) ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ- ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ। ਫਿਰ ਨਵਾਬ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਮੌਤ ਨਿਸ਼ਚਿਤ ਹੈ, ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਮੇਰੀ ਗੱਲ ਸੁਣੋ, ਇਸਲਾਮ ਕਬੂਲ ਕਰੋ, ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਸਾਹਿਬਜ਼ਾਦਿਆਂ ਨੇ ਕਿਹਾ ਕਿ “ਮਰਣੁ ਲਿਖਾਇ ਮੰਡਲ ਮਹਿ ਆਏ ॥" ਇਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ,ਹਰੇਕ ਇਸ ਧਰਤੀ ਤੇ ਆਉਣ ਵਾਲਾ ਪ੍ਰਾਣੀ ਅਪਨੀ ਮੌਤ ਲਿਖਵਾਂ ਕੇ ਲਿਆਉਂਦੇ ਹੈ, ਅੱਜ ਸਾਡੀ ਤੇ ਕੱਲ੍ਹ ਤੇਰੀ ਵਾਰੀ ਹੋਏਗੀ। ਨਵਾਬ ਹੁਣ ਜਿਆਦਾ ਨਹੀਂ ਸੁਣ ਸਕਦਾ ਸੀ, ਉਸਨੇ ਹੁਕਮ ਕੀਤਾ ਕਿ ਇਹਨਾਂ ਨੂੰ ਹੁਣੇ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਏ ਤਾਂ ਜੋ ਇਹਨਾਂ ਦੀ ਸਾਰੀ ਆਕੜ ਭੰਨੀ ਜਾ ਸਕੇ... ਪਰ ਉਸ ਵੇਲੇ ਕੋਈ ਵੀ ਜ਼ਲਾਦ ਜਾਂ ਮਿਸਤਰੀ ਇਹ ਸਭ ਕਰਨ ਲਈ ਤਿਆਰ ਨਹੀਂ ਹੋ ਰਿਹਾ ਸੀ, ਕਿਉਂਕਿ ਐਨੇ ਨਿੱਕੇ-ਨਿੱਕੇ ਬੱਚਿਆਂ ਨੂੰ ਕੌਣ ਚਿਣੇ, ਅੰਤ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਿਆ ਗਿਆ ਅਤੇ ਜਲਦੀ ਤੋਂ ਜਲਦੀ ਜਲਾਦਾਂ ਦਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ। ਸਾਹਿਬਜ਼ਾਦੇ ਠੰਡੇ ਬੁਰਜ਼ ਵਿੱਚ ਪਹੁੰਚੇ ਅਤੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਤਾਂ ਦਾਦੀ ਦਾ ਰੁਗ ਭਰ ਆਇਆ ਅਤੇ ਕਿਹਾ, ਕਿ ਤੁਸਾਂ ਰੱਖ ਵਖਾਈ ਏ ਪੁੱਤਰੋ, ਤੁਸੀਂ ਆਪਣੇ ਦਾਦੇ ਦਾ ਸੱਚਮੁੱਚ ਸਿਰ ਉੱਚਾ ਕਰ ਦਿੱਤਾ ਹੈ, ਕਰਤਾਰ ਤੁਹਾਡੇ ਅੰਗ ਸੰਗ ਸਹਾਈ ਹੋਵੇ। ਛੋਟੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਧੰਨ ਮਾਤਾ ਗੁਜਰ ਕੌਰ ਜੀ ਫ਼ਖ਼ਰ ਮਹਿਸੂਸ ਕਰ ਰਹੇ ਸਨ, ਅਤੇ ਉਹਨਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ, ਬਿਨਾਂ ਕੋਈ ਤੀਰ ਤਲਵਾਰ ਚਲਾਏ ਸਾਰੇ ਵੈਰੀਆਂ ਨੂੰ ਚਿਤ ਕਰ ਦਿੱਤਾ ਹੋਵੇ, ਇਹ ਜਿੱਤ ਵਿੱਚ ਦਾਦੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਹੋਰ ਸਾਖੀਆਂ ਅਤੇ ਗੁਰਬਾਣੀ ਰਾਹੀਂ ਪਰੇਰਿਤ ਕੀਤਾ, ਰਾਤ ਨੂੰ ਰਹਿਰਾਸ ਅਤੇ ਸੋਹਿਲਾ ਪੜਿਆ ਅਤੇ ਸਵੇਰੇ ਨਿਤਨੇਮ ਕਰਨ ਤੋ ਬਾਅਦ ਦਾਦੀ ਜੀ ਨੇ ਪੋਤਿਆਂ ਨੂੰ ਬੜੇ ਚਾਵਾਂ ਨਾਲ ਤਿਆਰ ਕੀਤਾ, ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਆਖ਼ਰੀ ਮੁਲਾਕਾਤ ਹੈ, ਪਰ ਕੋਈ ਘਬਰਾਹਟ ਨਹੀਂ ਸੀ, ਬਲਕਿ ਰੋਮ ਰੋਮ ਸ਼ੁਕਰਾਨਾ ਕਰ ਰਹੀ ਸੀ ਕਿ ਅਸੀਂ ਤਿੰਨੇ ਹੀ ਆਪਣੇ ਇਮਤਿਹਾਨਾ ਵਿੱਚ ਪਾਸ ਹੋਣ ਜਾ ਰਹੇ ਹਾਂ, ਉਹਨਾਂ ਦੇ ਸਿਰ ਉੱਤੇ ਕਰਤਾਰ ਦਾ ਹੱਥ ਸੀ, ਉਹਨਾਂ ਦੇ ਚਿਹਰਿਆਂ 'ਤੇ ਨੂਰ ਸੀ ਤੇ ਦੁਸ਼ਮਣਾਂ ਦੇ ਚਿਹਰਿਆਂ ਤੇ ਨਾਮੌਸ਼ੀ ਛਾਈ ਹੋਈ ਸੀ ਕਿਉਂਕਿ ਉਹ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਕੋਲੋ ਹਾਰ ਗਏ ਸਨ। 13 ਪੋਹ ਨੂੰ ਇੱਕ ਵਾਰ ਫਿਰ ਵਜ਼ੀਰ ਖਾਨ ਨੇ ਸਮਝਾਇਆ ਕਿ ਜੇਕਰ ਉਹ ਮੁਸਲਮਾਨ ਬਣ ਗਏ ਤਾਂ ਉਹ ਉਹਨਾਂ ਨੂੰ ਛੱਡ ਦੇਣਗੇ, ਪਰ ਸਿੱਖ ਸਿਦਕ ਦੇ ਵਫ਼ਾਦਾਰ ਦੋਵੇਂ ਨਾ ਮੰਨੇ ਅਤੇ ਜ਼ਾਲਮਾਂ ਨੇ ਉਨ੍ਹਾਂ ਨੂੰ ਕੰਧ ਵਿੱਚ ਚਿਣ ਦਿੱਤਾ। ਜਦੋਂ ਪੈਰਾਂ ਦਾ ਭਾਰ ਨੀਂਹ ’ਤੇ ਪੈਣ ਲੱਗਾ ਤਾਂ ਲਾਸ਼ਾਂ ਦੇ ਭਾਰ ਕਾਰਨ ਕੰਧ ਡਿੱਗ ਪਈ। ਵਜ਼ੀਰ ਖਾਂ ਦੇ ਜ਼ੁਲਮ ਦੀ ਇੰਨਤਹਾ ਹੋ ਗਈ ਜਦੋਂ ਉਸ ਨੇ ਬੇਹੋਸ਼ ਹੋਏ ਬੱਚਿਆਂ ਦੀ ਸਾਹ-ਰਗਾਂ ਕੱਟਣ ਦਾ ਹੁਕਮ ਦਿੱਤਾ ਤੇ ਹੁਕਮ ਦੇ ਬੱਧੇ ਜੱਲਾਦਾਂ ਨੇ ਜਿੰਦਾਂ ਦੇ ਗਲੇ ਉਪਰ ਖੰਜਰ ਚਲਾ ਕੇ ਸਾਹ-ਰਗਾਂ ਕੱਟ ਦਿੱਤੀਆਂ। ਮਾਤਾ ਜੀ ਵੀ ਠੰਡੇ ਬੁਰਜ ਵਿੱਚ ਹੀ ਸਰੀਰ ਛੱਡ ਗਏ। ਜ਼ਾਲਮਾਂ ਨੇ ਇਨ੍ਹਾਂ ਸਰੀਰਾਂ ਨੂੰ ਠੰਡੇ ਬੁਰਜ਼ ਦੇ ਨਾਲ ਲੱਗਦੀ ਹੰਸਲਾ ਨਦੀ ਵਿੱਚ ਸੁੱਟ ਦਿੱਤਾ ਤਾਂ ਕਿ ਇਨ੍ਹਾਂ ਨਿਰਜਿੰਦ ਸਰੀਰਾਂ ਨੂੰ ਕਾਂ, ਕੁੱਤੇ ਤੇ ਇਲਾਂ ਖਾ ਜਾਣ ਤੇ ਸਰੀਰਾਂ ਦੀ ਬੇਅਦਬੀ ਹੋ ਸਕੇ। ਜਦੋਂ ਇਸ ਘਟਨਾ ਦੀ ਖ਼ਬਰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਤੱਕ ਪਹੁੰਚੀ ਜੋ ਕਿਸੇ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਦਾ ਮਨ ਉਦਾਸੀਨਤਾ ਨਾਲ ਭਰ ਗਿਆ ਤਾਂ ਉਸ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਦਾ ਮਨ ਬਣਾ ਲਿਆ। ਵਜ਼ੀਰ ਖਾਨ ਨੇ ਇਸ ਸ਼ਰਤ ਤੇ ਆਗਿਆ ਦੇ ਦਿੱਤੀ ਕਿ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖਰੀਦੀ ਜ਼ਮੀਨ ਉੱਤੇ ਹੀ ਸਸਕਾਰ ਕਰ ਸਕਦੇ ਹੋ। ਦੀਵਾਨ ਟੋਡਰ ਮੱਲ ਨੇ ਉਸੇ ਤਰ੍ਹਾਂ ਕੀਤਾ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਨੇ ਮਿਲ ਕੇ ਮਾਤਾ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਪਾਵਨ ਸਰੀਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਵਾਇਆ, ਸੁੰਦਰ ਕੱਪੜੇ ਪਹਿਨਾਏ ਤੇ ਫਿਰ ਸਸਕਾਰ ਕੀਤਾ। ਅੱਜ ਉਸੇ ਸਥਾਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਾਇਆ ਹੋਇਆ ਹੈ।