ਚੰਡੀਗੜ੍ਹ, 20 ਦਸੰਬਰ : ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਇਕ ਵਾਰ ਫਿਰ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਨਵਜੋਤ ਸਿੱਧੂ ਦੇ ਧੜੇ ਅਤੇ ਪ੍ਰਤਾਪ ਬਾਜਵਾ ਵਿਚਾਲੇ ਇਕ ਫਿਰ ਸ਼ਬਦੀ ਜੰਗ ਛਿੜ ਗਈ ਹੈ। ਇਸ ਦੇ ਚਲਦਿਆਂ ਨਵਜੋਤ ਸਿੱਧੂ ਨੇ ਅਪਣੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਪ੍ਰਤਾਪ ਬਾਜਵਾ ਨੂੰ ਸਵਾਲ ਕੀਤਾ ਹੈ ਕਿ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ 'ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉੱਤੇ ਇੱਕਠ ਕੀਤਾ ਤਾਂ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ। ਉਨ੍ਹਾਂ ਲਿਖਿਆ, “ਸਤਿਕਾਰਯੋਗ ਬਾਜਵਾ ਸਾਬ ਜੀ, ਅਸੀਂ ਕਾਂਗਰਸ ਦੇ ਅਹੁਦੇਦਾਰ ਅਤੇ ਵਰਕਰ ਇਹ ਪੁੱਛਣਾ ਚਾਹੁੰਦੇ ਹਾਂ ਕਿ ਨਾ ਸਾਨੂੰ ਅਤੇ ਨਾ ਹੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਸਮਾਗਮਾਂ 'ਚ ਸੱਦਿਆ ਜਾਂਦਾ ਹੈ। ਤੇ ਜੇ ਅਸੀਂ ਕਾਂਗਰਸ ਦੀ ਬਿਹਤਰੀ ਲਈ ਪਾਰਟੀ ਵਰਕਰਾਂ ਦੇ ਸੱਦੇ 'ਤੇ ਰੈਲੀ ਰੱਖ ਕੇ 8 ਹਜ਼ਾਰ ਤੋਂ ਉਤੇ ਇੱਕਠ ਕੀਤਾ ਤਾ ਸਾਡਾ ਹੌਸਲਾ ਵਧਾਉਣ ਦੀ ਬਜਾਏ ਸਾਨੂੰ ਮਾੜਾ ਕਿਉਂ ਕਿਹਾ ਜਾ ਰਿਹਾ ਹੈ। ਅਸੀਂ ਅਹੁਦੇਦਾਰ ਅਤੇ ਵਰਕਰ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਰੁੱਝੇ ਹੋਏ ਹਾਂ। ਪਰ ਸਰਦਾਰ ਨਵਜੋਤ ਸਿੱਧੂ ਨਾਲ ਨੇੜਤਾ ਕਰਕੇ ਸਾਡੇ ਨਾਲ ਪਾਰਟੀ ਵਿਚ ਪੱਖਪਾਤ ਕਿਉਂ ਕੀਤਾ ਜਾ ਰਿਹਾ ਹੈ”। ਉਨ੍ਹਾਂ ਅੱਗੇ ਲਿਖਿਆ, “ਕਾਂਗਰਸ ਪਾਰਟੀ ਸਾਡੀ ਮਾਂ ਪਾਰਟੀ ਹੈ ਅਤੇ ਅਸੀਂ ਪਾਰਟੀ ਨੂੰ ਉਨ੍ਹਾਂ ਹੀ ਪਿਆਰ ਅਤੇ ਸਤਿਕਾਰ ਦਿੰਦੇ ਹਾਂ ਜਿੰਨਾ ਤੁਸੀਂ। ਪਿਛਲੇ ਲਗਭਗ ਇਕ ਮਹੀਨੇ ਤੋਂ ਤੁਸੀਂ ਵਿਰੋਧੀ ਧਿਰ ਵਜੋਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਜਦਕਿ ਅਸੀਂ ਸਰਕਾਰ ਤੋਂ ਔਖੇ ਲੋਕਾਂ ਦੇ ਸਵਾਲ ਖੁੱਲੀ ਰੈਲੀ ਕਰਕੇ ਸਰਕਾਰ ਅੱਗੇ ਰੱਖੇ। ਅਸਲ 'ਚ ਦੁੱਖ ਇਸ ਗੱਲ ਦਾ ਹੈ ਕਿ ਵਰਕਰਾਂ ਨੂੰ ਮਾਣ ਸਤਿਕਾਰ ਅਤੇ ਨੁਮਾਇੰਦਗੀ ਨਹੀਂ ਮਿਲ ਰਹੀ ਤੇ ਜੇ ਕਿਸੇ ਸਿੱਧੂ ਵਰਗੇ ਆਗੂ ਨੇ ਵਰਕਰਾਂ ਦੀ ਬਾਂਹ ਫੜੀ ਹੈ ਤਾਂ ਕੁੱਝ ਆਗੂਆਂ ਨੂੰ ਇਹ ਗੱਲ ਚੁੱਭ ਕਿਉਂ ਰਹੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਲੀਡਰਸ਼ਿਪ ਨਵਜੋਤ ਸਿੱਧੂ ਅਤੇ ਸਾਧਾਰਨ ਵਰਕਰਾਂ ਨਾਲ ਪੱਖਪਾਤ ਨਹੀਂ ਕਰੇਗੀ”। ਇਹ ਸਵਾਲ ਨਾਜਰ ਸਿੰਘ ਮਾਨਸ਼ਾਹੀਆ (ਸਾਬਕਾ ਵਿਧਾਇਕ), ਰਾਜਿੰਦਰ ਸਿੰਘ ਸਮਾਣਾ (ਸਾਬਕਾ ਵਿਧਾਇਕ), ਮਹੇਸ਼ਇੰਦਰ ਸਿੰਘ (ਸਾਬਕਾ ਵਿਧਾਇਕ), ਰਾਮਿੰਦਰ ਆਮਲਾ (ਸਾਬਕਾ ਵਿਧਾਇਕ), ਜਗਦੇਵ ਸਿੰਘ ਕਮਾਲੁ (ਸਾਬਕਾ ਵਿਧਾਇਕ), ਵਿਜੈ ਕਾਲਰਾ ਹਲਕਾ ਇੰਚਾਰਝ ਗੁਰੂਹਰਸਹਾਏ, ਹਰਵਿੰਦਰ ਸਿੰਘ ਲਾਡੀ ਹਲਕਾ ਇੰਚਾਰਜ ਬਠਿੰਡਾ ਦਿਹਾਤੀ, ਰਾਜਬੀਰ ਸਿੰਘ ਰਾਜਾ (ਰਾਮਪੁਰਾ ਫੂਲ), ਇੰਦਰਜੀਤ ਸਿੰਘ ਢਿੱਲੋਂ (ਰਾਮਪੁਰਾ ਫੂਲ) ਅਤੇ ਕਈ ਹੋਰ ਵਰਕਰਾਂ ਅਤੇ ਸੀਨੀਅਰ ਆਗੂਆਂ ਵਲੋਂ ਚੁੱਕੇ ਗਏ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕਰਦਿਆਂ ਪੁੱਛਿਆ ਸੀ ਕਿ ਤੁਸੀਂ ਇੰਡੀਆ ਗੱਠਜੋੜ ਦੀ ਸਿਆਸਤ ਨੂੰ ਨਕਾਰੋ ਤੇ ਬੋਲੋ ਕਿ ਅਸੀ ਕਾਂਗਰਸ ਹਾਈਕਮਾਂਡ ਵਲੋਂ ਇਸ ਗੱਠਜੋੜ ਦੇ ਸਿਆਸੀ ਫੈਸਲਿਆਂ ਨੂੰ ਲਾਗੂ ਨਹੀਂ ਕਰਾਂਗੇ ਤਾਂ ਇਹ ਵੱਖਰਾ ਅਖਾੜਾ ਨਹੀਂ ਹੈ ਪਰ ਜੇ ਮੈਂ ਆਖਾਂ ਕਿ ਹਾਈਕਮਾਂਡ ਨਾਲ ਖੜਾਂਗਾ ਤੇ ਪੰਜਾਬ ਲਈ ਲੜਾਂਗਾ ਤਾਂ ਇਹ ਵੱਖਰਾ ਅਖਾੜਾ ਕਿਵੇਂ ਹੋ ਗਿਆ?