ਮੋਹਾਲੀ : ਪੰਜਾਬ ‘ਚ ਡੇਂਗੂ ਦੇ 190 ਹੋਰ ਮਾਮਲੇ ਸਾਹਮਣੇ ਆਏ ਹਨ। ਹੁਣ ਡੇਂਗੂ ਦੇ ਮਰੀਜ਼ਾਂ ਦਾ ਕੁੱਲ ਅੰਕੜਾ 5 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਅੰਕੜਿਆਂ ਅਨੁਸਾਰ 37,539 ਸੈਂਪਲਾਂ ‘ਚੋਂ ਹੁਣ ਤੱਕ 4,958 ਡੇਂਗੂ ਦੇ ਮਰੀਜ਼ ਆ ਚੁੱਕੇ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ ਵੱਧ ਖ਼ਤਰਾ 5 ਜ਼ਿਲ੍ਹਿਆਂ ਮੋਹਾਲੀ, ਰੋਪੜ, ਪਠਾਨਕੋਟ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਵਿੱਚ ਬਣਿਆ ਹੋਇਆ ਹੈ। ਹੁਣ ਤੱਕ ਮੋਹਾਲੀ ਤੋਂ ਸਭ ਤੋਂ ਵੱਧ 1,071 ਮਰੀਜ਼ ਸਾਹਮਣੇ ਆਏ ਹਨ। ਇੱਥੇ ਸ਼ਨੀਵਾਰ ਨੂੰ ਹੀ 64 ਮਾਮਲੇ ਸਾਹਮਣੇ ਆਏ ਹਨ। ਡੇਂਗੂ ਦੇ ਅੰਕੜਿਆਂ ‘ਚ ਭਾਵੇਂ ਪਟਿਆਲਾ ਛੇਵੇਂ ਸਥਾਨ ‘ਤੇ ਹੋਵੇ ਪਰ ਸ਼ਨੀਵਾਰ ਨੂੰ ਇੱਥੇ 31 ਨਵੇਂ ਕੇਸ ਆਉਣ ਕਾਰਨ ਇਹ ਜ਼ਿਲਾ ਵੀ ਡੇਂਗੂ ਦੀ ਲਪੇਟ ‘ਚ ਆਉਣ ਲੱਗਾ ਹੈ। ਇੱਥੇ ਡੇਂਗੂ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਲੈ ਕੇ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਪੂਰੇ ਸੂਬੇ ‘ਚ ਡੇਂਗੂ ਦੇ ਮਾਮਲੇ ਵੱਧ ਰਹੇ ਹਨ ਪਰ ਪੰਜਾਬ ਦੇ 5 ਜ਼ਿਲਿਆਂ ‘ਚ ਡੇਂਗੂ ਦਾ ਖਤਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।