ਚੰਡੀਗੜ੍ਹ, 2 ਮਈ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਨੇ ਅਪ੍ਰੈਲ 2022 ਦੇ ਮੁਕਾਬਲੇ ਅਪ੍ਰੈਲ 2023 ਦੌਰਾਨ ਆਪਣੇ ਕਰ ਮਾਲੀਏ ਵਿੱਚ 22 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਰਾਜ ਨੇ ਅਪ੍ਰੈਲ 2023 ਦੌਰਾਨ ਆਪਣੇ ਕਰਾਂ ਤੋਂ 3988.23 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਜਦੋਂ ਕਿ ਅਪ੍ਰੈਲ 2022 ਵਿੱਚ 3275.85 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ। ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.), ਰਾਜ ਆਬਕਾਰੀ ਅਤੇ ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਇਕੱਤਰ ਕੀਤੇ ਮਾਲੀਏ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਦੁਆਰਾ ਏਕੀਕ੍ਰਿਤ ਵਿੱਤ ਪੱਬੰਧਨ ਪ੍ਰਣਾਲੀ (ਆਈ.ਐਫ.ਐਮ.ਐਸ) ਦੁਆਰਾ ਕੁੱਲ ਕਰ ਉਗਰਾਹੀ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਅੰਤਿਮ ਅੰਕੜਿਆਂ ਵਿੱਚ ਥੋੜ੍ਹਾ ਅੰਤਰ ਹੋ ਸਕਦਾ ਹੈ। ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਜੀ.ਐਸ.ਟੀ ਵਿੱਚ ਸਭ ਤੋਂ ਵੱਧ 483 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਪ੍ਰੈਲ 2022 ਦੌਰਾਨ ਕੁੱਲ ਜੀ.ਐਸ.ਟੀ ਮਾਲੀਆ 1532 ਕਰੋੜ ਰੁਪਏ ਸੀ ਜਦਕਿ ਇਸ ਸਾਲ ਇਹ ਅੰਕੜਾ 2015 ਕਰੋੜ ਰੁਪਏ ਰਿਹਾ। ਉਨ੍ਹਾਂ ਕਿਹਾ ਕਿ ਅਪ੍ਰੈਲ 2022 ਦੇ 564.64 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਬਕਾਰੀ ਮਾਲੀਆ 216.48 ਕਰੋੜ ਰੁਪਏ ਵੱਧ ਕੇ 781.12 ਕਰੋੜ ਰੁਪਏ ਰਿਹਾ। ਉਨ੍ਹਾਂ ਦੱਸਿਆ ਕਿ ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਪ੍ਰਾਪਤ ਮਾਲੀਆ ਵੀ ਅਪ੍ਰੈਲ 2022 ਵਿੱਚ 355.4 ਕਰੋੜ ਰੁਪਏ ਦੇ ਮੁਕਾਬਲੇ ਇਸ ਅਪ੍ਰੈਲ 85.95 ਕਰੋੜ ਰੁਪਏ ਦੇ ਵਾਧੇ ਨਾਲ 441.35 ਕਰੋੜ ਰੁਪਏ ਰਿਹਾ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਪ੍ਰਸ਼ਾਸਨ ਅਤੇ ਪ੍ਰਣਾਲੀ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆ ਕੇ ਸੂਬੇ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰ ਚੋਰੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਹੈ ਅਤੇ ਆਮਦਨ ਵਿੱਚ ਮੌਜੂਦਾ ਵਾਧਾ ਸਮਾਜ ਦੇ ਕਿਸੇ ਵੀ ਵਰਗ 'ਤੇ ਕੋਈ ਵਾਧੂ ਬੋਝ ਪਾਏ ਬਿਨਾਂ ਹਾਸਲ ਕੀਤਾ ਗਿਆ ਹੈ।