ਮੁਹਾਲੀ 'ਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹੋਏ ਹਮਲੇ ਨੂੰ ਤਿੰਨ ਦਿਨ ਪੂਰੇ ਹੋ ਚੱਲੇ ਹਨ ਪਰ ਅਜੇ ਤੱਕ ਹਮਲਾਵਰਾਂ ਤੇ ਸਾਜ਼ਿਸ਼ ਬੇਨਕਾਬ ਨਹੀਂ ਹੋ ਸਕੀ। ਇਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਡੀਜੀਪੀ ਵੀਕੇ ਭਵਰਾ ਨੇ ਕਿਹਾ ਸੀ ਕਿ ਵੱਡੀ ਲੀਡ ਮਿਲੀ ਹੈ ਇਸ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਦੋਸ਼ੀ ਸਭ ਦੇ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਹਮਲੇ ਤੋਂ ਅਗਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸ਼ਾਮ ਤੱਕ ਸਭ ਕੁਝ ਸਾਹਮਣੇ ਆ ਜਾਵੇਗਾ।
ਦੱਸ ਦਈਏ ਕਿ ਸੋਮਵਾਰ ਰਾਤ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਹਮਲਾ ਹੋਇਆ ਤੇ ਸ਼ੱਕ ਹੈ ਕਿ ਇਸ ਹਮਲੇ ਨਾਲ ਪੂਰੀ ਇਮਾਰਤ ਉਡਾਉਣ ਤੇ ਰਿਕਾਰਡ ਨਸ਼ਟ ਕਰਨ ਦੀ ਸਾਜ਼ਿਸ਼ ਸੀ ਹਾਲਾਂਕਿ, ਗ੍ਰਨੇਡ ਖਿੜਕੀ ਰਾਹੀਂ ਅੰਦਰ ਜਾਣ ਦੀ ਬਜਾਏ ਕੰਧ ਨਾਲ ਟਕਰਾ ਗਿਆ। ਇਸ ਕਾਰਨ ਇਮਾਰਤ ਦੇ ਸ਼ੀਸ਼ੇ ਹੀ ਟੁੱਟ ਗਏ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਦਾ ਇਹੀ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਲਦ ਸਾਜਿਸ਼ ਦਾ ਖੁਲਾਸਾ ਕੀਤੀ ਜਾਵੇਗਾ।
ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਅਜੇ ਤੱਕ ਇਸ ਘਟਨਾ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਅਜੇ ਖੁੱਲ੍ਹ ਕੇ ਬੋਲਣ ਲਈ ਵੀ ਤਿਆਰੀ ਨਹੀਂ। ਮੀਡੀਆ ਵਿੱਚ ਕਈ ਗੱਲਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਪੁਲਿਸ ਨੇ ਅਜੇ ਕਿਸੇ ਵੀ ਗੱਲ ਦੀ ਪੁਸ਼ਟੀ ਨਹੀਂ ਕੀਤੀ।
ਉਧਰ, ਬੁੱਧਵਾਰ ਨੂੰ ਪੁਲਿਸ ਨੇ ਤਰਨ ਤਾਰਨ ਦੇ ਭਿੱਖੀਵਿੰਡ ਦੇ ਪਿੰਡ ਕੁੱਲਾ ਦੇ ਨਿਸ਼ਾਨ ਸਿੰਘ ਨੂੰ ਫੜਿਆ। ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਸਾਲੇ ਸੋਨੂੰ ਅੰਬਰਸਰੀਆ ਤੇ ਜਗਰੂਪ ਸਿੰਘ ਮਹਿੰਦੀਪੁਰ ਵਾਸੀ ਖੇਮਕਰਨ ਨੂੰ ਫੜਿਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੂੰ ਅੰਮ੍ਰਿਤਸਰ 'ਚ ਰੱਖਿਆ ਗਿਆ ਸੀ। ਇੱਥੇ ਹੀ ਉਨ੍ਹਾਂ ਨੂੰ ਰੂਸੀ ਆਰਪੀਜੀ ਮੁਹੱਈਆ ਕਰਵਾਇਆ ਗਿਆ ਹਾਲਾਂਕਿ ਪੁਲਿਸ ਨੇ ਅਜੇ ਤੱਕ ਇਨ੍ਹਾਂ ਲੋਕਾਂ ਦੀ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨਾਲ ਜੁੜੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਨਿਸ਼ਾਨ ਸਿੰਘ ਤੇ ਜਗਰੂਪ ਸਿੰਘ ਕੁਝ ਸਮਾਂ ਪਹਿਲਾਂ ਤੱਕ ਜੇਲ੍ਹ ਵਿੱਚ ਸਨ। ਇਸ ਦੌਰਾਨ ਉਹ ਰਿੰਦਾ ਗੈਂਗ ਦੇ ਗੈਂਗਸਟਰਾਂ ਦੇ ਸੰਪਰਕ ਵਿੱਚ ਆਏ। ਇਸ ਤੋਂ ਬਾਅਦ ਉਹ ਹਮਲਾਵਰਾਂ ਨੂੰ ਹਥਿਆਰ ਤੇ ਪਨਾਹ ਦੇਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਏ।