ਲੰਡਨ : ਬ੍ਰਿਟੇਨ ਤੋਂ ਯਾਤਰਾ ਸੰਬੰਧੀ ਉੱਚ ਮੰਗ ਦੇ ਮੱਦੇਨਜ਼ਰ, ਕੇਂਦਰੀ ਲੰਡਨ ਵਿੱਚ ਇੱਕ ਨਵਾਂ ਭਾਰਤੀ ਵੀਜ਼ਾ ਕੇਂਦਰ ਸਥਾਪਤ ਕੀਤਾ ਗਿਆ ਹੈ, ਤਾਂ ਜੋ ਹੋਰਨਾਂ ਵੱਖ-ਵੱਖ ਕਾਰਜਾਂ ਤੋਂ ਇਲਾਵਾ ਅਰਜ਼ੀਆਂ ਦੀ ਪ੍ਰੋਸੈਸਿੰਗ ਸਮਰੱਥਾ 'ਚ ਵਾਧਾ ਹੋ ਸਕੇ। ਇਨ੍ਹਾਂ ਕਾਰਜਾਂ ਵਿੱਚ ਡੋਰਸਟੈਪ ਸੇਵਾ ਅਤੇ ਦਸਤਾਵੇਜ਼ਾਂ ਦੀ ਤਸਦੀਕ ਸਹੂਲਤ ਸ਼ਾਮਲ ਹੈ। ਯੂ.ਕੇ. ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਇਸਵਾਮੀ ਨੇ ਮੰਗਲਵਾਰ ਨੂੰ ਨਵੇਂ ਇੰਡੀਆ ਵੀਜ਼ਾ ਐਪਲੀਕੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਹ ਕੇਂਦਰ ਸਰਕਾਰਾਂ ਅਤੇ ਕੂਟਨੀਤਕ ਮਿਸ਼ਨਾਂ ਨੂੰ ਆਊਟਸੋਰਸਿੰਗ ਅਤੇ ਤਕਨਾਲੋਜੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਵੀ.ਐਫ਼.ਐਸ. ਗਲੋਬਲ ਦੁਆਰਾ ਚਲਾਇਆ ਜਾਵੇਗਾ। ਸਮੂਹਿਕ ਸੈਰ-ਸਪਾਟਾ ਜਾਂ ਸਮੂਹਾਂ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਲਈ ਇੱਕ ਵਧੇਰੇ ਸੁਚਾਰੂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੋਰਇਸਵਾਮੀ ਨੇ ਟਵਿੱਟਰ 'ਤੇ ਕਿਹਾ, "ਸਾਡੇ ਭਾਈਵਾਲ ਵੀ.ਐਫ਼.ਐਸ. ਗਲੋਬਲ ਦੀ ਮਦਦ ਨਾਲ, ਸਾਡੀਆਂ 'ਅਪਾਇੰਟਮੈਂਟਾਂ' ਦੀ ਗਿਣਤੀ ਲਗਭਗ 40,000 ਪ੍ਰਤੀ ਮਹੀਨਾ ਹੋ ਗਈ ਹੈ।" ਯੂ.ਕੇ. ਤੋਂ ਭਾਰਤ ਜਾਣ ਵਾਲੇ ਸੈਲਾਨੀਆਂ ਕੋਲ ਹੁਣ ਲਗਭਗ 180 ਪਾਉਂਡ ਦੇ ਖ਼ਰਚ 'ਤੇ ਡੋਰਸਟੈਪ ਵੀਜ਼ਾ ਸੇਵਾ ਦਾ ਵਿਕਲਪ ਵੀ ਉਪਲਬਧ ਹੈ। ਦੋਰਇਸਵਾਮੀ ਨੇ ਕਿਹਾ, “ਤੁਹਾਡੇ ਕਾਗਜ਼ ਤੁਹਾਡੇ ਘਰੋਂ ਲਏ ਜਾ ਸਕਦੇ ਹਨ ਅਤੇ ਕਾਰਜ ਪੂਰਤੀ ਤੋਂ ਬਾਅਦ ਤੁਹਾਡੇ ਕੋਲ ਵਾਪਸ ਲਿਆਂਦੇ ਜਾਣਗੇ। ਇਸ 'ਚ ਮਦਦ ਕਰਨ ਲਈ, ਸੇਵਾ ਪ੍ਰਦਾਤਾ ਮਾਮੂਲੀ ਕੀਮਤ 'ਤੇ ਤੁਹਾਡੇ ਦਸਤਾਵੇਜ਼ ਨੂੰ ਆਨਲਾਈਨ ਚੈੱਕ ਕਰਨ ਦੀ ਇੱਕ ਵਿਸ਼ੇਸ਼ ਸੇਵਾ ਦੀ ਪੇਸ਼ਕਸ਼ ਵੀ ਕਰੇਗਾ। ਅਸੀਂ ਫ਼ਾਰਮ ਭਰਨ ਦੀ ਸੇਵਾ ਵੀ ਸ਼ੁਰੂ ਕਰ ਰਹੇ ਹਾਂ, ਜੋ ਸਾਡੇ ਸੇਵਾ ਪ੍ਰਦਾਤਾ ਵੀ.ਐਫ਼.ਐਸ. ਗਲੋਬਲ ਦੁਆਰਾ ਕੀਤੀ ਜਾਵੇਗੀ।"