ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਮਰਿਆਦਾ ਕਮੇਟੀ ਦੇ ਮੈਂਬਰ ਪੰਜਾਬ ਦੇ ਹੋਮ ਮਹਿਕਮੇ ਅਤੇ ਸਕੱਤਰੇਤ ਦੇ ਅਫ਼ਸਰਾਂ ਤੇ ਖ਼ਫ਼ਾ ਹੋ ਗਏ ਹਨ। ਸਿੱਟੇ ਵਜੋਂ ਕਮੇਟੀ ਨੇ ਪੰਜਾਬ ਦੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ 18 ਅਕਤੂਬਰ 2022 ਨੂੰ ਕਮੇਟੀ ਦੀ ਮੀਟਿੰਗ ਸਮੇਂ ਤਲਬ ਕੀਤਾ ਹੈ, ਤਾਂ ਕਿ ਉਨ੍ਹਾਂ ਤੋਂ ਜ਼ਬਾਨੀ ਪੁੱਛ ਪੜ੍ਹਤਾਲ ਕੀਤੀ ਜਾ ਸਕੇ, ਕਿ ਉਨ੍ਹਾਂ ਨੇ ਕਮੇਟੀ ਵੱਲੋਂ ਮੰਗੀ ਗਈ ਜਾਣਕਾਰੀ ਸਮੇਂ ਸਿਰ ਕਿਉਂ ਨਹੀਂ ਦਿੱਤੀ। ਇਨ੍ਹਾਂ ਦੋ ਆਲਾ ਅਫ਼ਸਰਾਂ ਵਿੱਚ ਪ੍ਰਿੰਸੀਪਲ ਸੈਕਟਰੀ ਹੋਮ ਤੇ ਜਸਟਿਸ ਅਨੁਰਾਗ ਵਰਮਾ ਅਤੇ ਸੈਕਟਰੀ ਜਨਰਲ ਪ੍ਰਸਾਸ਼ਨ ਕੁਮਾਰ ਰਾਹੁਲ ਸ਼ਾਮਲ ਹਨ। ਪ੍ਰਿੰਸੀਪਲ ਸੈਕਟਰੀ ਹੋਮ ਨੂੰ ਬੁਲਾਏ ਸਬੰਧੀ ਬੇਸ਼ੱਕ ਕਮੇਟੀ ਦੀ ਮੀਟਿੰਗ ਦੇ ਏਜੰਡੇ ਵਿਚ ਕੋਈ ਵੇਰਵਾ ਨਹੀਂ ਦਿੱਤਾ ਗਿਆ, ਪਰ ਅੰਦਰਲੀ ਜਾਣਕਾਰੀ ਅਨੁਸਾਰ ਮਰਿਆਦਾ ਕਮੇਟੀ ਦੀ ਨੰਗਲ ਫੇਰੀ ਸਮੇਂ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਸਕੱਤਰੇਤ ਰਾਹੀਂ ਭੇਜੀ ਗਈ ਸ਼ਿਕਾਇਤ ਦਾ ਸਹੀ ਅਤੇ ਮੌਕੇ ਸਿਰ ਜਵਾਬ ਨਾ ਦੇਣਾ ਕਾਰਨ ਬਣਿਆ ਹੈ। ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਚੇਅਰਮੈਨਸਿ਼ਪ ਹੇਠ ਬਣੀ ਹੋਈ 11 ਮੈਂਬਰੀ ਪ੍ਰੀਵਿਲਿਜ ਕਮੇਟੀ ਨੂੰ ਸ਼ਿਕਾਇਤ ਹੈ ਕਿ, ਹੋਮ ਮਹਿਕਮੇ ਨੇ ਉਕਤ ਮਾਮਲੇ ਵਿੱਚ ਢੁਕਵੀਂ ਕਾਰਵਾਈ ਨਹੀਂ ਕੀਤੀ, ਜਿਸ ਲਈ ਉਕਤ ਅਧਿਕਾਰੀ ਤੋਂ ਜਵਾਬਦੇਹੀ ਕੀਤੀ ਜਾਣੀ ਹੈ। ਇਸ ਕਮੇਟੀ ਦੀ ਜ਼ਿਕਰ ਅਧੀਨ ਮੀਟਿੰਗ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਦੇ ਧਾਰੀਵਾਲ ਬੀਡੀਪੀਓ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ ਤੇ ਵੀ ਵਿਚਾਰ ਕੀਤੀ ਜਾਣੀ ਹੈ ਅਤੇ ਇਸ ਸਬੰਧੀ ਬਾਜਵਾ ਵੱਲੋਂ ਕੀਤੀ ਸ਼ਿਕਾਇਤ ਦੀ ਸੁਣਵਾਈ ਹੋਵੇਗੀ। ਇਸ ਕਮੇਟੀ ਦੇ ਮੈਂਬਰਾਂ ਵਿੱਚ ਅਮਿਤ ਰਤਨ ਕੋਟਫੱਤਾ, ਅਰੁਣਾ ਚੌਧਰੀ, ਡਾਕਟਰ ਬਲਬੀਰ ਸਿੰਘ, ਡਾਕਟਰ ਚਰਨਜੀਤ ਸਿੰਘ, ਹਰਦੇਵ ਸਿੰਘ ਲਾਡੀ, ਡਾਕਟਰ ਕਸ਼ਮੀਰ ਸਿੰਘ ਸੋਹਲ, ਨਰੇਸ਼ ਕਟਾਰੀਆ, ਨਰਿੰਦਰ ਕੌਰ ਭਰਾਜ, ਡਾਕਟਰ ਸੁਖਵਿੰਦਰ ਸੁੱਖੀ ਅਤੇ ਤਰਨਪ੍ਰੀਤ ਸਿੰਘ ਸੌਦ ਸ਼ਾਮਲ ਹਨ।