ਚੰਡੀਗੜ੍ਹ/ਜਲੰਧਰ, 26 ਜੂਨ 2024 : ਪੰਜਾਬ ਪੁਲਿਸ ਨਸ਼ੇ ਅਤੇ ਗੈਂਗਸਟਰਾਂ ਦੇ ਨੈਕਸਸ ਨੂੰ ਤੋੜਨ 'ਚ ਦਿਨ ਰਾਤ ਮਿਹਨਤ ਕਰ ਰਹੀ ਹੈ। ਇਸ ਦੇ ਚੱਲਦੇ ਉਨ੍ਹਾਂ ਵਲੋਂ ਕਾਰਵਾਈ ਕਰਦਿਆਂ ਕਈ ਗੈਂਗਸਟਰਾਂ ਨੂੰ ਫੜਿਆ ਵੀ ਹੈ ਤੇ ਨਾਲ ਹੀ ਕਈ ਥਾਵਾਂ 'ਤੇ ਮੁਕਾਬਲਾ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਚੱਲਦੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਤਵਾਦੀ ਲਖਬੀਰ ਲੰਡਾ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 4 ਵਿਦੇਸ਼ੀ ਪਿਸਤੌਲ, ਇੱਕ ਰਿਵਾਲਵਰ, 2 ਮੈਗਜ਼ੀਨ ਅਤੇ 2 ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਜਾਲ ਵਿਛਾਇਆ ਹੋਇਆ ਸੀ। 15 ਦਿਨਾਂ ਦੀ ਕਾਰਵਾਈ ਤੋਂ ਬਾਅਦ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਗੈਂਗ ਦੇ ਪੰਜ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਕਤ ਮੁਲਜ਼ਮ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲਿਆਉਂਦੇ ਸਨ। ਮੁਲਜ਼ਮਾਂ ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ ਵਿੱਚ ਨਸ਼ਾ ਸਪਲਾਈ, ਕਤਲ, ਫਿਰੌਤੀ ਅਤੇ ਜਬਰੀ ਵਸੂਲੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਕਤ ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜਨਾਂ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਸਿਟੀ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਹਰ ਕਿਸਮ ਦੀਆਂ ਅਪਰਾਧਿਕ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਮੁਲਜ਼ਮਾਂ ਦੀ ਹਲਚਲ ਵਧ ਗਈ ਸੀ। ਡੀਜੀਪੀ ਯਾਦਵ ਨੇ ਕਿਹਾ- ਸੰਗਠਿਤ ਅਪਰਾਧ ਨੂੰ ਖਤਮ ਕਰਨ ਲਈ ਸਿਟੀ ਪੁਲਿਸ ਦੀ ਇਹ ਚੰਗੀ ਪਹਿਲ ਹੈ।