ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜਾਂਚ ਜਾਰੀ ਹੈ। ਮੂਸੇਵਾਲਾ ਦੇ ਪਿਤਾ ਨੇ ਵੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਇੱਕ ਮਹੀਨੇ ਵਿੱਚ ਜੇ ਇਨਸਾਫ ਨਾ ਮਿਲਿਆ ਤਾਂ ਉਹ ਦੇਸ਼ ਛੱਡ ਜਾਣਗੇ। ਇਸ ਕੜੀ ‘ਚ NIA ਨੇ ਪੰਜਾਬ ਦੇ ਦੋ ਟੌਪ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ। ਗਾਇਕ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਦਿੱਲੀ ਹੈੱਡਕੁਆਰਟਰ ‘ਤੇ ਕਈ ਘੰਟੇ ਪੁੱਛਗਿੱਛ ਕੀਤੀ। ਤੁਹਾਨੂੰ ਦੱਸ ਦੇਈਏ ਕਿ ਮਨਕੀਰਤ ਅਤੇ ਢਿੱਲੋਂ ਦੇ ਗੈਂਗਸਟਰ ਲੌਰੇਸ਼ ਬਿਸ਼ਨੋਈ ਨਾਲ ਸਬੰਧਾਂ ਦੀ ਗੱਲ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ, ਜਿਸ ਤੋਂ ਬਾਅਦ ਬੰਬੀਹਾ ਗੈਂਗ ਨੇ ਮੂਸੇਵਾਲਾ ਕਾਂਡ ਤੋਂ ਬਾਅਦ ਗਾਇਕ ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਪੁੱਛਗਿੱਛ ਤੋਂ ਬਾਅਦ ਦੋਵਾਂ ਪੰਜਾਬੀ ਗਾਇਕਾਂ ਨੂੰ ਛੱਡ ਦਿੱਤਾ ਗਿਆ। ਹਾਲਾਂਕਿ ਲੋੜ ਪੈਣ ‘ਤੇ ਦੋਵਾਂ ਪੰਜਾਬੀ ਗਾਇਕਾਂ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਪੁੱਛਗਿੱਛ ਦੌਰਾਨ ਦੋਵਾਂ ਗਾਇਕਾਂ ਦੀਆਂ ਐਲਬਮਾਂ ਅਤੇ ਹੋਰ ਕਈ ਜਾਣਕਾਰੀਆਂ ਵੀ ਮੰਗੀਆਂ ਗਈਆਂ। ਹਾਲ ਹੀ ‘ਚ ਦੋ ਵੱਖ-ਵੱਖ ਦਿਨਾਂ ‘ਤੇ NIA ਵੱਲੋਂ ਦੋਵਾਂ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪੁੱਛਗਿੱਛ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ NIA ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਕਥਿਤ ਗੈਂਗਸਟਰ ਦੀਪਕ ਟੀਨੂੰ ਦਾ ਟਰਾਂਜ਼ਿਟ ਰਿਮਾਂਡ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ ਪੁਲਿਸ ਟੀਨੂੰ ਨੂੰ ਮਾਨਸਾ ਜ਼ਿਲ੍ਹੇ ਵਿੱਚ ਲੈ ਕੇ ਜਾਏਗੀ। ਐਡੀਸ਼ਨਲ ਸੈਸ਼ਨ ਜੱਜ ਸੰਜੇ ਖਨਗਵਾਲ ਨੇ ਪੁਲਿਸ ਦੀ ਦਰਖਾਸਤ ਪ੍ਰਵਾਨ ਕਰਦਿਆਂ ਮੁਲਜ਼ਮਾਂ ਨੂੰ ਪੰਜਾਬ ਦੀ ਸਬੰਧਤ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਿਛਲੇ ਹਫ਼ਤੇ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ 1 ਅਕਤੂਬਰ ਨੂੰ ਪੰਜਾਬ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ।