ਚੰਡੀਗੜ੍ਹ, 07 ਮਾਰਚ : ਪੰਜਾਬ ਦੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਮੁੱਦੇ ਉਤੇ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿੱਚਕਾਰ ਤਿੱਖੀ ਬਹਿਸ ਹੋਈ। ਸੁਖਪਾਲ ਸਿੰਘ ਖਹਿਰਾ ਨੇ ਜਦੋਂ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਕਿ ਜਦੋਂ ਰਾਜਪਾਲ ਨੇ ਸਿੰਗਾਪੁਰ ਲਈ ਪ੍ਰਿੰਸੀਪਲਾਂ ਦੇ ਭੇਜਣ ਸਬੰਧੀ ਚੋਣ ਬਾਰੇ ਪੁੱਛਿਆ ਤਾਂ ਮੁੱਖ ਮੰਤਰੀ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਸਲੈਕਟਿਡ ਹਨ, ਲਿਹਾਜ਼ਾ ਉਨ੍ਹਾਂ ਨੂੰ ਜਵਾਬ ਦੇਣਾ ਨਹੀਂ ਬਦਦਾ, ਪਰ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ, ਇਸ ਲਈ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਲੀਡਰ ਖੁਦ ਵਿਦੇਸ਼ ਘੁੰਮਣ ਜਾਂਦੇ ਹਨ ਤਾਂ ਫਿਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਵਿਦੇਸ਼ ਟ੍ਰੇਨਿੰਗ ਲਈ ਜਾਣ ਉਤੇ ਕਿਉਂ ਸਵਾਲ ਚੁੱਕੇ ਜਾਂਦੇ ਹਨ। ਸਿੱਖਿਆ ਮੰਤਰੀ ਇਹ ਵੀ ਕਿਹਾ ਕਿ ਟ੍ਰੇਨਿੰਗ ਲਈ ਭੇਜੇ ਗਏ ਪ੍ਰਿੰਸੀਪਲਾਂ ਵਿਚੋਂ ਇਕ ਵੀ ਪ੍ਰਿੰਸੀਪਲ ਮੇਰਾ ਰਿਸ਼ਤੇਦਾਰ ਨਹੀਂ ਹੈ। ਸਕੂਲਾਂ ਵਿਚੋਂ ਮੈਰਿਟ ਦੇ ਆਧਾਰ ਉਤੇ ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਸਿੱਖਿਆ ਮੰਤਰੀ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪ੍ਰਿੰਸੀਪਲਾਂ ਨਾਲ ਸਿੰਗਾਪੁਰ ਜਾਣ ਦਾ ਵੀ ਆਫਰ ਕੀਤਾ। ਸਿੱਖਿਆ ਮੰਤਰੀ ਨੇ ਬਹਿਸ ਦੌਰਾਨ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕਰਕੇ ਲੋਕਾਂ ਵਿੱਚ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਝੂਠੀ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।