ਅੰਮ੍ਰਿਤਸਰ, 09 ਅਪ੍ਰੈਲ : ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਲਈ ਪੰਜਾਬ ਤੋਂ ਅੱਜ ਜਥਾ ਗਿਆ ਹੈ। ਇਸ ਜਥੇ ਦਾ ਪਾਕਿਸਤਾਨ ਪਹੁੰਚ 'ਤੇ ਨਿੱਘਾ ਸਵਾਗਤ ਕੀਤਾ ਗਿਆ। ਅਟਾਰੀ ਰਸਤੇ ਵਾਹਗਾ ਪਹੁੰਚੇ ਜਥੇ ਦਾ ਵਾਹਗਾ ਪਹੁੰਚਣ 'ਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਮੈਂਬਰ ਮਿਮਪਾਲ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ। ਦੱਸ ਦੇਈਏ ਕਿ ਭਾਰੀ ਸੁਰੱਖਿਆ ਹੇਠ ਅੱਜ 60 ਬੱਸਾਂ ਰਾਹੀਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਹੈ। ਯਾਤਰੂਆਂ ਦੇ ਲੰਗਰ ਲਈ ਵਾਹਗਾ ਵਿਖੇ ਪੀ. ਐਸ. ਜੀ. ਪੀ. ਸੀ. ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਘ ਅਤੇ ਖੁਸ਼ੀ ਵਿਚ ਸ਼ਰਧਾਲੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਣੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਦੱਸ ਦੇਈਏ ਕਿ ਇਹ ਜਥਾ ਗੁਰੂ ਘਰਾਂ ਦੇ ਦਰਸ਼ਨ ਕਰ ਕੇ 18 ਅਪ੍ਰੈਲ ਨੂੰ ਵਾਪਸ ਪਰਤੇਗਾ।