- ਸੂਬਾ ਸਰਕਾਰ ਨੇ ਪਾਰਦਾਰਸ਼ਤਾ ਤੇ ਗੈਰ-ਕਾਨੂੰਨੀ ਖਣਨ ਖਿਲਾਫ ਚੁੱਕਿਆ ਅਹਿਮ ਤੇ ਕਾਰਗਾਰ ਕਦਮ
- ਸਾਰੇ ਕਰੱਸ਼ਰਾਂ ਦੇ ਬਿਜਲੀ ਮੀਟਰਾਂ ਸੰਗਠਿਤ ਕਰਦਿਆਂ ਵਿਭਾਗ ਦੇ ਪੋਰਟਲ ਨਾਲ ਜੋੜੇ : ਮੀਤ ਹੇਅਰ
ਚੰਡੀਗੜ੍ਹ, 30 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਉਤੇ ਚੱਲਦਿਆਂ ਇਕ ਖਣਨ ਵਿਭਾਗ ਵੱਲੋਂ ਅਹਿਮ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਕਰੱਸ਼ਰਾਂ ਦੇ ਬਿਜਲੀ ਮੀਟਰਾਂ ਨੂੰ ਸੰਗਠਿਤ ਕਰਦਿਆਂ ਵਿਭਾਗ ਦੇ ਪੋਰਟਲ ਨਾਲ ਜੋੜ ਦਿੱਤਾ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖਣਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸੂਬੇ ਵਿੱਚ ਖਣਨ ਦੀਆਂ ਗਤੀਵਿਧੀਆਂ ਵਿੱਚ ਪਾਰਦਰਸ਼ਤਾ ਲਿਆਉਂਦਿਆਂ ਸਾਰੇ ਕਰੱਸ਼ਰਾਂ ਦੇ ਮੀਟਰਾਂ ਨੂੰ ਸੰਗਠਿਤ ਕਰ ਦਿੱਤਾ ਹੈ। ਖਣਨ ਵਿਭਾਗ ਦਾ ਪੋਰਟਲ ਪੀ.ਐਸ.ਪੀ.ਸੀ.ਐਲ. ਦੇ ਮੀਟਰਾਂ ਨਾਲ ਜੁੜਿਆ ਹੋਵੇਗਾ ਜਿਸ ਨਾਲ ਕਰੱਸ਼ਰ ਮਾਲਕਾਂ ਵੱਲੋਂ ਹਰ ਮਹੀਨੇ ਮੀਟਰ ਦੀ ਰੀਡਿੰਗ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇਗੀ। ਇਸ ਨਾਲ ਕਰੱਸ਼ਰ ਮਾਲਕ ਵੱਲੋਂ ਵੇਚੇ ਜਾਂਦੇ ਮਾਲ ਅਤੇ ਮੀਟਰ ਉਪਰਲੀ ਰੀਡਿੰਗ ਦਾ ਮਿਲਾਣ ਕੀਤਾ ਜਾ ਸਕੇਗਾ। ਖਣਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਪਾਰਦਰਸ਼ੀ ਪ੍ਰਣਾਲੀ ਰਾਹੀਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਗੈਰ-ਕਾਨੂੰਨੀ ਖਣਨ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਹੈ ਅਤੇ ਕਿਸੇ ਵੀ ਅਜਿਹੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।