ਚੰਡੀਗੜ੍ਹ, 5 ਅਕਤੂਬਰ : ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿੱਖ ਕੇ ਬੀਤੇ ਦਿਨੀਂ ਤਰਨਤਾਰਨ ਵਿਖੇ ਵਿਧਾਇਕ ਅਤੇ ਐਸਐਸਪੀ ਦਰਮਿਆਨ ਚੱਲੀ ਖਿਚੋਤਾਣ ਬਾਰੇ ਪੁੱਛਿਆ ਹੈ।ਪੱਤਰ ਵਿੱਚ ਉਨ੍ਹਾਂ ਕਿਹਾ ਕਿ ਮੈਂ ਮੀਡੀਆ ਵਿੱਚ ਇੱਕ ਵਿਧਾਇਕ ਦੇ ਪੁਲਿਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ, ਵਿਧਾਇਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਰਾਤ ਦੇ ਸਮੇਂ ਗੈਰਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਅਤੇ ਬਾਅਦ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਤਰਨਤਾਰਨ ਦੇ ਤਬਾਦਲੇ ਬਾਰੇ ਰਿਪੋਰਟਾਂ ਪੜ੍ਹਦਾ ਰਿਹਾ ਹਾਂ। ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਪੰਜਾਬ ਵਿੱਚ ਇੱਕ ਅਹਿਮ ਮੁੱਦਾ ਹੈ ਅਤੇ ਇਸ ਵਿੱਚ ਭ੍ਰਿਸ਼ਟਾਚਾਰ ਵੱਡਾ ਕਾਰਨ ਹੈ। ਇਸ ਦੇ ਪਿਛੋਕੜ ਵਿਚ ਕੁਝ ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਪੁਲਿਸ ਪਾਰਟੀ ਨੇ ਤਰਨਤਾਰਨ ਜ਼ਿਲ੍ਹੇ ਵਿਚ ਰਾਤ ਸਮੇਂ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਦਾ ਪਰਦਾਫਾਸ਼ ਕੀਤਾ ਅਤੇ ਵਿਧਾਇਕ ਦਾ ਇਕ ਨਜ਼ਦੀਕੀ ਰਿਸ਼ਤੇਦਾਰ ਇਸ ਵਿਚ ਸ਼ਾਮਲ ਹੈ। ਮੀਡੀਆ ਰਿਪੋਰਟਾਂ ਵਿਚ ਅੱਗੇ ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਤੇ ਛਾਪਾ ਮਾਰਨ ਗਈ ਪੁਲਿਸ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ, ਮੈਂ ਵਿਧਾਇਕ ਵੱਲੋਂ ਲਾਏ ਦੋਸ਼ਾਂ, ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਅਗਲੀ ਕਾਰਵਾਈ ਬਾਰੇ ਵਿਸਥਾਰਪੂਰਵਕ ਰਿਪੋਰਟ ਚਾਹੁੰਦਾ ਹਾਂ।