ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਬੈਠਕ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗੀ। ਇਨ੍ਹਾਂ ਵਿਚੋਂ ਇਕ ਅਹਿਮ ਫੈਸਲਾ ਇਹ ਵੀ ਲਿਆ ਗਿਆ ਕਿ ਗਊਸ਼ਾਲਾਵਾਂ ਦੇ 31 ਅਕਤੂਬਰ ਤੱਕ ਦੇ ਬਿਜਲੀ ਦੇ ਬਕਾਏ ਬਿੱਲਾਂ ਨੂੰ ਸਰਕਾਰ ਵੱਲੋਂ ਮਾਫ ਕਰ ਦਿੱਤਾ ਗਿਆ। ਇਸ ਕਦਮ ਦਾ ਮੰਤਵ ਗਊਸ਼ਾਲਾਵਾਂ ਨੂੰ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਖੁੱਲ੍ਹਦਿਲੀ ਨਾਲ ਯੋਗਦਾਨ ਪਾਉਣ ਦੇ ਯੋਗ ਬਣਾਉਣਾ ਹੈ। ਇਸ ਕੰਮ ਲਈ ਪੀ.ਐਸ.ਪੀ.ਸੀ.ਐਲ. ਕੋਲ ਪਏ ਗਊ ਸੈੱਸ ਦੇ ਪੈਸੇ ਵਿੱਚੋਂ ਖ਼ਰਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਾਨ ਕੈਬਨਿਟ ਵੱਲੋਂ ਈ-ਸਟੈਂਪ ਨਿਯਮ ਵਿਚ ਸੋਧ ਨੂੰ ਹਰੀ ਝੰਡੀ ਦੇ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਦੇ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਦੀ ਵਚਨਬੱਧਤਾ ਤਹਿਤ ਪੰਜਾਬ ਕੈਬਨਿਟ ਨੇ 500 ਰੁਪਏ ਤੱਕ ਦੇ ਆਨਲਾਈਨ ਈ-ਅਸ਼ਟਾਮ ਸ਼ੁਰੂ ਕਰਨ ਲਈ ਪੰਜਾਬ ਈ-ਸਟੈਂਪ ਰੂਲਜ਼, 2014 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। ਦੱਸ ਦੇਈਏ ਕਿ ਹੋਰਨਾਂ ਸੂਬਿਆਂ ਵਿਚ ਈ-ਅਸ਼ਟਾਮ ਦਾ ਬਦਲ ਸਫ਼ਲਤਾ ਪੂਰਵਕ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਇਸ ਲਈ ਸਾਦੇ ਕਾਗਜ਼ ਉਤੇ ਈ-ਅਸ਼ਟਾਮ ਸਰਟੀਫਿਕੇਟ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ। ਇਸ ਲਈ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਈ-ਅਸ਼ਟਾਮ ਸਰਟੀਫਿਕੇਟ ਦਾ ਆਨਲਾਈਨ ਬਦਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੁਣ ਪੰਜਾਬ ਵਾਸੀ ਆਨਲਾਈਨ ਮਾਧਿਅਮ ਰਾਹੀਂ 500 ਰੁਪਏ ਤੱਕ ਦੇ ਈ-ਅਸ਼ਟਾਮ ਸਰਟੀਫਿਕੇਟ ਹਾਸਲ ਕਰ ਸਕਣਗੇ।