ਚੰਡੀਗੜ੍ਹ, 12 ਮਾਰਚ : ਸਰਕਾਰ ਨੇ ਪੰਜਾਬ ਦੇ 22 ਜ਼ਿਲ੍ਹਿਆਂ ਵਿਚ 1201 ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਸਰਕਾਰ ਵੱਲੋਂ ਜਨਰਲ ਕੈਟਾਗਰੀ, ਐੱਸਸੀ/ਬੀਸੀ, ਰਿਟਾਇਰਡ ਫੌਜੀ, ਫ੍ਰੀਡਮ ਫਾਈਟਰ, ਹੈਂਡੀਕੈਪਡ, ਮਹਿਲਾਵਾਂ ਵੱਲੋਂ ਚਲਾਈ ਜਾ ਰਹੀ ਸਵੈ-ਸੇਵੀ ਸੰਸਥਾਵਾਂ ਸਣੇ ਦੰਗਾ ਪੀੜਤ ਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਡਿਪੂ ਅਲਾਟ ਕਰਨ ਦੀ ਯੋਜਨਾ ਬਣਾਈ ਹੈ। ਖਾਧ ਤੇ ਸਪਲਾਈ ਵਿਭਾਗ ਦੇ ਮੰਤਰੀ ਲਾਲਚੰਦ ਕਟਾਰੂਚੱਕ ਨੇ ਬੇਰੋਜ਼ਗਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਨਾਲ ਹੀ ਪੰਜਾਬ ਵਿਚ ਸਰਗਰਮ ਅਨਾਜ ਮਾਫੀਆ ਖਿਲਾਫ ਸ਼ਿਕੰਜਾ ਕੱਸਣ ਲਈ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦੀ ਰਣਨੀਤੀ ਅਪਣਾਈ ਹੈ ਤਾਂ ਕਿ ਠੇਕੇ ‘ਤੇ ਇਕੱਠੇ ਦਰਜਨਾਂ ਰਾਸ਼ਨ ਡਿਪੂ ਚਲਾਉਣ ਵਾਲੇ ਅਨਾਜ ਮਾਫੀਆ ਦੀ ਕਮਰ ਤੋੜੀ ਜਾ ਸਕੇ। ਦੱਸ ਦੇਈਏ ਕਿ ਪੰਜਾਬ ਵਿਚ ਜਿਥੇ ਜ਼ਿਆਦਾਤਰ ਆਟਾ ਚੱਕੀ ਮਾਲਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਰਾਸ਼ਨ ਡਿਪੂ ਚੱਲ ਰਹੇ ਹਨ ਜਦੋਂ ਕਿ ਉਕਤ ਪਰਿਵਾਰਾਂ ਵੱਲੋਂ ਰਾਸ਼ਨ ਡਿਪੂ ਚਲਾਉਣ ਦੀ ਆੜ ਵਿਚ ਸਰਕਾਰੀ ਕਣਕ ਦੀ ਕਾਲਾਬਾਜ਼ਾਰੀ ਦਾ ਵੱਡਾ ਗੋਰਖਧੰਦਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ‘ਚ 156, ਬਰਨਾਲਾ 51, ਫਰੀਦੋਕਟ 06 ਫਾਜ਼ਿਲਕਾ 21 ਫਿਰੋਜ਼ਪੁਰ 47, ਫਤਿਹਗੜ੍ਹ ਸਾਹਿਬ 23, ਗੁਰਦਾਸਪੁਰ 18, ਹੁਸ਼ਿਆਰਪੁਰ 46, ਜਲੰਧਰ 135, ਕਪੂਰਥਲਾ 18 ਲੁਧਿਆਣਾ 169, ਮਾਲਰੇਕੋਟਲਾ 19, ਮਾਨਸਾ 15, ਮੋਗਾ 39, ਪਠਾਨਕੋਟ 47, ਪਟਿਆਲਾ 169, ਐੱਸਏਐੱਸ ਨਗਰ 15, ਸੰਗਰੂਰ, 6 ਮੋਹਾਲੀ 122 ਰੂਪਨਗਰ 46, ਸ੍ਰੀ ਮੁਕਤਸਰ ਸਾਹਿਬ 33 ਤੇ ਤਰਨਤਾਰਨ ਵਿਚ 10 ਡਿਪੂ ਅਲਾਟ ਕੀਤੇ ਗਏ ਹਨ।