ਚੰਡੀਗੜ੍ਹ, 4 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲਈ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਸਥਾਪਤ ਡਾ.ਬੀ.ਆਰ.ਅੰਬੇਦਕਰ ਭਵਨਾਂ ਦੀ ਮੁਰੰਮਤ ਅਤੇ ਰੱਖ ਰਖਾਅ ਲਈ ਸਾਲ 2022-23 ਵਾਸਤੇ 2.91 ਕਰੋੜ ਦੀ ਰਾਸ਼ੀ ਜ਼ਾਰੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਡਾ.ਬੀ.ਆਰ.ਅੰਬੇਦਕਰ ਭਵਨਾਂ ਦੀ ਮੁਰੰਮਤ ਅਤੇ ਰੱਖ ਰਖਾਅ ਤਹਿਤ ਸਾਲ 2022-23 ਦੌਰਾਨ ਬਜਟ ਉਪਬੰਧ ਦੀ ਰਾਸ਼ੀ ਜ਼ਾਰੀ ਕੀਤੀ ਗਈ ਹੈ। ਇਸ ਕਰਕੇ 2.91 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਡਾ.ਬੀ.ਆਰ.ਅੰਬੇਦਕਰ ਭਵਨ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਸੀ ਤਾਂ ਜੋ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਲਈ ਸਿੰਗਲ ਵਿੰਡੋਂ ਇੱਕ ਛੱਤ ਹੇਠ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ। ਹੁਣ ਤੱਕ 17 ਜਿਲ੍ਹਿਆਂ ਵਿੱਚ ਡਾ.ਬੀ.ਆਰ ਅੰਬੇਦਕਰ ਭਵਨ ਦੀ ਸਥਾਪਨਾ ਕੀਤੀ ਗਈ ਹੈ। ਬਾਕੀ ਰਹਿੰਦੇ ਛੇ ਜਿਲਿਆਂ ਵਿੱਚੋਂ ਐਸ.ਏ.ਐਸ.ਨਗਰ, ਬਰਨਾਲਾ ਅਤੇ ਮਲੇਰਕੋਟਲਾ ਵਿੱਚ ਡਾ. ਅੰਬੇਦਕਰ ਭਵਨ ਸਥਾਪਤ ਕਰਨ ਲਈ ਜਮੀਨ ਦਾ ਪ੍ਰਬੰਧ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਜਿਲ੍ਹਾ ਪਠਾਨਕੋਟ, ਤਰਨਤਾਰਨ ਅਤੇ ਫਾਜਿਲਕਾ ਵਿਖੇ ਜਮੀਨ ਦਾ ਪ੍ਰਬੰਧ ਹੋ ਚੁੱਕਾ ਹੈ। ਕੈਬਨਿਟ ਮੰਤਰੀ ਨੇ ਡਾ.ਬੀ.ਆਰ.ਅੰਬੇਦਕਰ ਭਵਨਾ ਦੀ ਮੁਰੰਮਤ ਅਤੇ ਰੱਖ ਰਖਾਅ ਦੇ ਕੰਮ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਵਿੱਤੀ ਨਿਯਮਾ ਦੀ ਸਖ਼ਤੀ ਨਾਲ ਪਾਲਣਾ ਕਰਨ।