ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧੇ ਹੋਏ ਰੇਟ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਅੱਜ ਇੱਥੋ ਜਾਰੀ ਬਿਆਨ ਵਿਚ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੜ੍ਹਾਈ ਸਾਲ 2022-23 ਦੌਰਾਨ ਫੇਅਰ ਐਂਡ ਡੈਮੋਨਿਊਰੇਟਿਵ ਪ੍ਰਾਈਸ (ਐਫ.ਆਰ.ਪੀ) ਅਤੇ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ) ਦੇ ਮੁੱਲ ਦਾ ਅੰਤਰ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਖੰਡ ਮਿੱਲਾਂ 2:1 ਅਨੁਸਾਰ ਵਿੱਚ ਨਿਸ਼ਚਿਤ ਹਨ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਗੰਨੇ ਦੀਆਂ ਸਾਰੀਆਂ ਕਿਸਮਾ ਦਾ ਭਾਅ 305 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਸੀ।ਜਿਸ ਵਿਚ ਵਾਧਾ ਕਰਦਿਆਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਅਗਤੀ ਕਿਸਮ ਦੇ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ, ਦਰਮਿਆਨੀ ਕਿਸਮ ਦਾ 370 ਅਤੇ ਪਛੇਤੀ ਕਿਸਮ ਦਾ 365 ਰੁਪਏ ਨਿਰਧਾਰਤ ਕੀਤਾ ਹੈ। ਖੇਤੀਬਾੜੀ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜ ਸਰਕਾਰ ਦਾ ਬਣਦਾ 50 ਰੁਪਏ ਪ੍ਰਤੀ ਕੁਇੰਟਲ ਹਿੱਸਾ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ਤੇ ਜਮ੍ਹਾਂ ਕਰਵਾਇਆ ਜਾਵੇਗਾ ਅਤੇ ਸਾਰੀਆਂ ਖੰਡ ਮਿੱਲਾਂ 20 ਨਵੰਬਰ 2022 ਤੋਂ ਗੰਨੇ ਦੀ ਪਿੜ੍ਹਾਈ ਸ਼ੁਰੂ ਕਰ ਦੇਣਗੀਆਂ।