ਚੰਡੀਗੜ੍ਹ : ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਬੀਤੇ ਸੱਤ ਮਹੀਨਿਆਂ ਦੌਰਾਨ ਖਾਧ ਪਦਾਰਥਾਂ ਦੇ 5297 ਸੈਂਪਲ ਲਏ ਹਨ, ਜਿਨ੍ਹਾਂ ਵਿੱਚੋਂ 1006 ਗੈਰ ਮਿਆਰੀ ਅਤੇ 74 ਅਸੁਰੱਖਿਅਤ/ ਫੇਲ੍ਹ ਪਾਏ ਗਏ ਹਨ। ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਹ ਜਾਣਕਾਰੀ ਦਿੰਦਿਆਂ ਕਿ ਅਸੁਰੱਖਿਅਤ/ ਫੇਲ੍ਹ ਪਾਏ ਗਏ ਸੈਂਪਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਮਿਲਾਵਟਖੋਰੀ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਜੌੜਾਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ਦੌਰਾਨ ਅਪਰੈਲ ਮਹੀਨੇ ਦੌਰਾਨ ਲਏ ਗਏ 820 ਸੈਂਪਲਾਂ ਵਿੱਚੋਂ 241 ਗੈਰ ਮਿਆਰੀ ਅਤੇ 18 ਅਸੁਰੱਖਿਅਤ/ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਮਈ ਮਹੀਨੇ ਦੇ 570 ਸੈਂਪਲ ਵਿੱਚੋਂ 91 ਗੈਰ ਮਿਆਰੀ ਅਤੇ 5 ਅਸੁਰੱਖਿਅਤ/ ਫੇਲ੍ਹ ਪਾਏ ਗਏ।ਜੂਨ ਦੌਰਾਨ 582 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 111 ਗੈਰ ਮਿਆਰੀ ਅਤੇ 17 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਲਏ ਗਏ 525 ਸੈਂਪਲਾਂ ਵਿੱਚੋਂ 111 ਅਤੇ 3 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਅਗਸਤ ਮਹੀਨੇ ਦੌਰਾਨ 1016 ਸੈਂਪਲਾਂ ਵਿੱਚੋਂ 332 ਗੈਰ ਮਿਆਰੀ ਜਦਕਿ 22 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ 800 ਸੈਂਪਲਾਂ ਵਿੱਚੋਂ 120 ਗੈਰ ਮਿਆਰੀ ਅਤੇ 9 ਸੈਂਪਲ ਅਸੁਰੱਖਿਅਤ/ ਫੇਲ੍ਹ ਪਾਏ ਗਏ। ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਹੁਣ ਤੱਕ 984 ਸੈਂਪਲ ਲਏ ਗਏ ਹਨ, ਜੋ ਕਿ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਗਏ ਹਨ ਅਤੇ ਇਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਜੌੜਾਮਾਜਰਾ ਨੇ ਦੱਸਿਆ ਕਿ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਦਾ ਫੂਡ ਸੇਫਟੀ ਵਿੰਗ ਪੰਜਾਬ ਵਾਸੀਆਂ ਨੂੰ ਸ਼ੁੱਧ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਜਾਗਰੁਕਤਾ ਮੁਹਿੰਮ ਵਿੱਚ ਅਗਵਾਈ ਕਰ ਰਿਹਾ ਹੈ। ਫੂਡ ਸੇਫਟੀ ਵਿਭਾਗ ਆਪਣੇ ਸਲੋਗਨ "ਜੇ ਇਹ ਸੁਰੱਖਿਅਤ ਨਹੀਂ ਤਾਂ ਇਹ ਭੋਜਨ ਨਹੀਂ" ਤਹਿਤ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਵਿੰਗ ਵੱਲੋਂ ਮਠਿਆਈਆਂ ‘ਤੇ ਲਗਾਏ ਜਾਣ ਵਾਲੇ ਚਾਂਦੀ ਦੇ ਵਰਕ ਵਿੱਚ ਹੋਣ ਵਾਲੀ ਮਿਲਾਵਟ ਦੀ ਜਾਂਚ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਪੂਰੇ ਪੰਜਾਬ ਵਿੱਚ ਚਾਂਦੀ ਦੇ ਵਰਕ ਸਮੇਤ ਮਠਿਆਈਆਂ ਦੇ 164 ਸੈਂਪਲ ਭਰ ਕੇ ਫੂਡ ਲੈਬ ਖਰੜ੍ਹ ਵਿਖੇ ਭੇਜ ਦਿੱਤੇ ਗਏ ਹਨ, ਜਿਨ੍ਹਾਂ ਸੈਂਪਲਾਂ ਦੀ ਰਿਪੋਰਟ ਫੇਲ੍ਹ ਪ੍ਰਾਪਤ ਹੋਈ, ਉਨ੍ਹਾਂ ਵਿਰੁੱਧ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ।